ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ; ਵੋਟਾਂ ਭਲਕੇ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ; ਵੋਟਾਂ ਭਲਕੇ


ਸ਼ਿਮਲਾ, 10 ਨਵੰਬਰ

ਹਿਮਾਚਲ ਪ੍ਰਦੇਸ਼ ਦੀਆਂ 68 ਅਸੈਂਬਲੀ ਸੀਟਾਂ ਲਈ 12 ਨਵੰਬਰ ਨੂੰ ਹੋਣ ਵਾਲੀ ਪੋਲਿੰਗ ਲਈ ਸਿਖਰ ‘ਤੇ ਪੁੱਜਿਆ ਚੋਣ ਪ੍ਰਚਾਰ ਅੱਜ ਸ਼ਾਮੀਂ ਪੰਜ ਵਜੇ ਖ਼ਤਮ ਹੋ ਗਿਆ। ਉਮੀਦਵਾਰ ਹੁਣ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨਗੇ। ਚੋਣ ਪ੍ਰਚਾਰ ਦੇ ਆਖਰੀ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਸਣੇ ਹੋਰ ਕਈ ਆਗੂਆਂ ਨੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਪਹਾੜੀ ਰਾਜ ਦੇ 55.92 ਲੱਖ ਵੋਟਰ ਚੋਣ ਮੈਦਾਨ ‘ਚ ਨਿੱਤਰੇ 412 ਉਮੀਦਵਾਰਾਂ, ਜਿਨ੍ਹਾਂ ਵਿਚ 38 ਮਹਿਲਾਵਾਂ ਵੀ ਹਨ, ਦੀ ਕਿਸਮਤ ਦਾ ਫੈਸਲਾ ਕਰਨਗੇ। ਮੁੱਖ ਮੰਤਰੀ ਜੈ ਰਾਮ ਠਾਕੁਰ ਤੇ ਉਨ੍ਹਾਂ ਦੇ 10 ਮੰਤਰੀਆਂ, ਅਸੈਂਬਲੀ ਸਪੀਕਰ ਵਿਪਿਨ ਪਰਮਾਰ, ਸੀਐੱਲਪੀ ਆਗੂ ਮੁਕੇਸ਼ ਅਗਨੀਹੋਤਰੀ ਤੇ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖੂ ਸਣੇ ਕੁਝ ਹੋਰਨਾਂ ਪ੍ਰਮੁੱਖ ਸਿਆਸੀ ਆਗੂਆਂ ਦਾ ਸਿਆਸੀ ਭਵਿੱਖ ਦਾਅ ‘ਤੇ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਉਤਾਰੇ ਹਨ, ਪਰ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਤੇ ਕਾਂਗਰਸ ਦਰਮਿਆਨ ਹੈ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਇਸ ਦੌਰਾਨ ਖ਼ਰਾਬ ਮੌਸਮ ਤੇ ਉੱਚੀਆਂ ਟੀਸੀਆਂ ‘ਤੇ ਸੱਜਰੀ ਬਰਫ਼ਬਾਰੀ ਨੇ ਉਮੀਦਵਾਰਾਂ ਨੂੰ ਫਿਕਰੀਂ ਪਾ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਵੋਟਰਾਂ ਨੂੰ ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ‘ਰਿਵਾਜ਼’ ਖ਼ਤਮ ਕਰਨ ਦਾ ਸੱਦਾ ਦਿੱਤਾ। ਭਾਜਪਾ ਦੇ ਚੋਣ ਪ੍ਰਚਾਰ ਦੀ ਅਗਵਾਈ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਉਧਰ ਰਾਹੁਲ ਗਾਂਧੀ, ਜੋ ਭਾਰਤ ਜੋੜੋ ਯਾਤਰਾ ਵਿੱਚ ਰੁੱਝੇ ਹੋਣ ਕਰ ਕੇ ਹਿਮਾਚਲ ਵਿੱਚ ਚੋਣ ਪ੍ਰਚਾਰ ਤੋਂ ਦੂਰ ਰਹੇ, ਦੀ ਥਾਂ ਪ੍ਰਿਯੰਕਾ ਗਾਂਧੀ ਨੇ ਖੁ਼ਦ ਮੂਹਰੇ ਹੋ ਕੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ। ਕਾਂਗਰਸ ਦੇ ਦੋ ਮੁੱਖ ਮੰਤਰੀਆਂ ਭੁਪੇਸ਼ ਬਘੇਲ ਤੇ ਅਸ਼ੋਕ ਗਹਿਲੋਤ ਨੇ ਵੀ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਕੀਤਾ। ਚੋਣ ਵਿਭਾਗ ਤੇ ਉਮੀਦਵਾਰ ਲਾਹੌਲ ਸਪਿਤੀ ਦੀਆਂ ਉੱਚੀਆਂ ਟੀਸੀਆਂ ‘ਤੇ ਪਈ ਸੱਜਰੀ ਬਰਫ਼ਬਾਰੀ ਤੋਂ ਫ਼ਿਕਰਮੰਦ ਹਨ। ਉਨ੍ਹਾਂ ਨੂੰ ਪੋਲਿਗ ਦੌਰਾਨ ਵੋਟਰਾਂ ਦੀ ਗਿਣਤੀ ਘਟਣ ਦਾ ਖ਼ਦਸ਼ਾ ਹੈ।

ਪੁਰਾਣੀ ਤੇ ਨਵੀਂ ਪੈਨਸ਼ਨ ਪਾਲਿਸੀ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਮਿਹਣੋ ਮਿਹਣੀਂ

ਸ਼ਿਮਲਾ (ਟਨਸ): ਚੋਣ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਤੇ ਕਾਂਗਰਸ ਨੇ ਪੁਰਾਣੀ ਪੈਨਸ਼ਨ ਪਾਲਿਸੀ ਦੇ ਮੁੱਦੇ ‘ਤੇ ਇਕ ਦੂਜੇ ਨੂੰ ਘੇਰਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਕਾਨੂੰਨ ਮੁਤਾਬਕ ਐੱਨਪੀਐੱਸ ਖਾਤੇ ਵਿਚਲਾ ਪੈਸਾ ਰਾਜਾਂ ਨੂੰ ਨਹੀਂ ਜਾ ਸਕਦਾ ਕਿਉਂਕਿ ਇਹ ਵਿਅਕਤੀ ਵਿਸ਼ੇਸ਼ ਦਾ ਪੈਸਾ ਹੈ। ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ ਖ਼ਤਮ ਕਰਨ ਤੇ 2004 ਵਿੱਚ ਰਾਸ਼ਟਰੀ ਪੈਨਸ਼ਨ ਯੋਜਨਾ ਸ਼ੁਰੂ ਕਰਨ ਲਈ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ। ਉਧਰ ਕਾਂਗਰਸ ਨੇ ਦਾਅਵਾ ਕੀਤਾ ਕਿ ਐਮਓਯੂ ‘ਤੇ ਪਹਿਲੇ ਦਸਤਖ਼ਤ ਭਾਜਪਾ ਨੇ ਕੀਤੇ ਸਨ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਕਾਂਗਰਸ ਐੱਨਪੀਐੱਸ ਨੂੰ ਬਣਾਈ ਰੱਖਣ ਲਈ ਲੋਕਾਂ ਤੋਂ ਮੁਆਫ਼ੀ ਮੰਗੇ।



Source link