ਨਵੀਂ ਦਿੱਲੀ, 15 ਨਵੰਬਰ
ਦਿੱਲੀ ਪੁਲੀਸ ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫ਼ਤਾਬ ਨੂੰ ਜੰਗਲ ਵਿੱਚ ਲੈ ਕੇ ਆਈ ਤਾਂ ਜੋ ਮਰਹੂਮ ਦੇ ਸਰੀਰ ਦੇ ਹੋਰ ਅੰਗਾਂ ਨੂੰ ਲੱਭਿਆ ਜਾ ਸਕੇ। ਬੀਤੇ ਦਿਨ ਸ਼ਰਧਾ ਦੇ ਸਰੀਰ ਦੇ 12 ਸ਼ੱਕੀ ਅੰਗ ਬਰਾਮਦ ਕੀਤੇ ਗਏ ਸਨ। ਪੁਲੀਸ ਸੂਤਰਾਂ ਅਨੁਸਾਰ ਹੁਣ ਤੱਕ ਬਰਾਮਦ ਕੀਤੇ ਅੰਗਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਸਾਰੇ ਮਨੁੱਖੀ ਹਨ ਜਾਂ ਨਹੀਂ। ਰਾਸ਼ਟਰੀ ਰਾਜਧਾਨੀ ਵਿੱਚ ਲਿਵ-ਇਨ ਪਾਰਟਨਰ ਆਫਤਾਬ ਵੱਲੋਂ ਕਥਿਤ ਤੌਰ ‘ਤੇ ਕਤਲ ਕੀਤੀ ਮਹਾਰਾਸ਼ਟਰ ਦੀ ਲੜਕੀ ਸ਼ਰਧਾ ਵਾਕਰ ਦੇ ਪਿਤਾ ਨੇ ਅੱਜ ਇਸ ਘਟਨਾ ਪਿੱਛੇ ਲਵ ਜੇਹਾਦ ਦਾ ਸ਼ੱਕ ਪ੍ਰਗਟ ਕਰਦਿਆਂ ਮੁਲਜ਼ਮ ਨੂੰ ਸਜ਼ਾ-ਏ-ਮੌਤ ਦੇਣ ਦੀ ਮੰਗ ਕੀਤੀ।
ਸ਼ਰਧਾ ਦੇ ਪਿਤਾ ਵਿਕਾਸ ਵਾਕਰ ਨੇ ਕਿਹਾ, ‘ਮੈਨੂੰ ਲਵ ਜੇਹਾਦ ਹੋਣ ਦਾ ਸ਼ੱਕ ਹੈ। ਅਸੀਂ ਆਫਤਾਬ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਾਂ।’ ਆਫ਼ਤਾਬ ਨੇ ਸ਼ਰਧਾ ਦਾ ਕਥਿਤ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰਕੇ ਫਰਿੱਜ ਵਿੱਚ ਤਿੰਨ ਹਫ਼ਤਿਆਂ ਲਈ ਰੱਖੇ। ਇਸ ਤੋਂ ਬਾਅਦ ਉਹ ਇਨ੍ਹਾਂ ਅੰਗਾਂ ਨੂੰ ਕਈ ਦਿਨਾਂ ਤੱਕ ਸ਼ਹਿਰ ਵਿੱਚ ਥਾਂ ਥਾਂ ਸੁੱਟਦਾ ਰਿਹਾ।