ਟਰੰਪ ਵੱਲੋਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ

ਟਰੰਪ ਵੱਲੋਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ


ਵਾਸ਼ਿੰਗਟਨ, 16 ਨਵੰਬਰ

ਸਾਲ 2020 ਦੀਆਂ ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਪਲਟਾਉਣ ਤੇ ਧੁਰ ਅੰਦਰੋਂ ਮੁਲਕ ਦੇ ਧਰੁਵੀਕਰਨ ਦੀ ਕੋਸ਼ਿਸ਼ ਕਰਨ ਵਾਲੇ ਡੋਨਲਡ ਟਰੰਪ(76) ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਟਰੰਪ ਨੇ ਅਮਰੀਕੀ ਸਦਰ ਜੋਅ ਬਾਇਡਨ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਦੀਆਂ ਘਰੇਲੂ ਤੇ ਵਿਦੇਸ਼ ਨੀਤੀਆਂ ਨੇ ਅਮਰੀਕਾ ਨੂੰ ‘ਢਹਿੰਦਾ ਮੁਲਕ’ ਬਣਾ ਛੱਡਿਆ ਹੈ। ਟਰੰਪ, ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਖਿਲਾਫ਼ ਦੋ ਵਾਰ ਮਹਾਦੋਸ਼ ਦੀ ਕਾਰਵਾਈ ਵਿੱਢੀ ਗਈ ਹੈ। ਟਰੰਪ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦਾ ਅੰਤ ਵੀ ਵਿਵਾਦਿਤ ਰਿਹਾ ਸੀ। ਟਰੰਪ ਹਮਾਇਤੀਆਂ ਨੇ ਪਿਛਲੇ ਸਾਲ 6 ਜਨਵਰੀ ਨੂੰ ਅਮਰੀਕੀ ਸੰਸਦ ‘ਤੇ ਹਮਲਾ ਬੋਲਦਿਆਂ ਸੱਤਾ ਨਵੀਂ ਬਾਇਡਨ ਸਰਕਾਰ ਹੱਥ ਸੌਂਪਣ ਦੇ ਅਮਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਅੱਜ ਇਥੇ ਫਲੋਰਿਡਾ ਵਿੱਚ ਮਾਰ-ਏ-ਲੈਗੋ ਅਸਟੇਟ ਵਿੱਚ ਕੀਤਾ। ਉਂਜ ਇਹ ਐਲਾਨ ਮੱਧਕਾਲੀ ਚੋਣਾਂ ਤੋਂ ਇਕ ਹਫ਼ਤੇ ਮਗਰੋਂ ਹੋਇਆ ਹੈ, ਜਿਸ ਵਿੱਚ ਰਿਪਬਲਿਕਨ ਸੈਨੇਟ ‘ਚ ਆਸ ਮੁਤਾਬਕ ਸੀਟਾਂ ਜਿੱਤਣ ਵਿੱਚ ਨਾਕਾਮ ਰਹੇ ਹਨ। ਟਰੰਪ ਨੇ ਜੋਸ਼ ਨਾਲ ਭਰੇ ਆਪਣੇ ਹਮਾਇਤੀਆਂ ਨੂੰ ਕਿਹਾ, ”ਅਮਰੀਕਾ ਨੂੰ ਮੁੜ ਮਹਾਨ ਬਣਾਉਣ ਲਈ, ਮੈਂ ਇਕ ਵਾਰ ਮੁੜ ਐਲਾਨ ਕਰਦਾ ਹਾਂ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਾਂਗਾ। ਇਹ ਸਾਡੀ ਇਕੱਠਿਆਂ ਦੀ ਮੁਹਿੰਮ ਹੋਵੇਗੀ।” ਟਰੰਪ ਨੇ ਕਿਹਾ, ‘ਮੈਂ ਤੁਹਾਡੀ ਆਵਾਜ਼ ਹਾਂ।” ਸਾਬਕਾ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਯਕੀਨੀ ਬਣਾਉਣਗੇ ਕਿ ਰਾਸ਼ਟਰਪਤੀ ਬਾਇਡਨ 2024 ਵਿੱਚ ਮੁੜ ਨਾ ਚੁਣੇ ਜਾਣ।” ਟਰੰਪ ਨੇ ਫਲੋਰਿਡਾ ਸਥਿਤ ਆਪਣੇ ਰਿਜ਼ੌਰਟ ਵਿੱਚ 400 ਦੇ ਕਰੀਬ ਮਹਿਮਾਨਾਂ ਦੀ ਹਾਜ਼ਰੀ ਵਿਚ ਉਪਰੋਕਤ ਐਲਾਨ ਕਰਨ ਤੋਂ ਪਹਿਲਾਂ ਫੈਡਰਲ ਚੋਣ ਕਮਿਸ਼ਨ ਕੋਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ। ਟਰੰਪ ਨੇ ਕਿਹਾ, ”ਮੈਂ ਚੋਣ ਲੜ ਰਿਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਵਿਸ਼ਵ ਨੇ ਅਜੇ ਤੱਕ ਇਸ ਮੁਲਕ (ਅਮਰੀਕਾ) ਦੀ ਉਹ ਅਸਲ ਸ਼ਾਨ ਨਹੀਂ ਵੇਖੀ, ਜੋ ਹੋਣੀ ਚਾਹੀਦੀ ਸੀ। ਮੰਨੋ ਜਾਂ ਨਾ, ਪਰ ਅਸੀਂ ਅਜੇ ਤੱਕ ਸਿਖਰ ‘ਤੇ ਨਹੀਂ ਪੁੱਜੇ।” ਇਸ ਮੌਕੇ ਸਟੇਜ ‘ਤੇ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਤੇ ਕੁਝ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਟਰੰਪ ਦੀ ਧੀ ਇਵਾਂਕਾ ਟਰੰਪ ਤੇ ਪੁੱਤਰ ਡੋਨਲਡ ਜੂਨੀਅਰ ਇਸ ਦੌਰਾਨ ਗੈਰਹਾਜ਼ਰ ਰਹੇ। ਕਾਬਿਲੇਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ, ਜੋ 20 ਨਵੰਬਰ ਨੂੰ 80 ਸਾਲਾਂ ਦੇ ਹੋ ਜਾਣਗੇ, ਅਗਾਮੀ ਰਾਸ਼ਟਰਪਤੀ ਚੋਣਾਂ ਲੜਨ ਤੋਂ ਨਾਂ- ਨੁੱਕਰ ਕਰਦੇ ਰਹੇ ਹਨ। ਸੂਤਰਾਂ ਮੁਤਾਬਕ ਬਾਇਡਨ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਮੌਕੇ ਇਸ ਬਾਰੇ ਕੋਈ ਆਖਰੀ ਫੈਸਲਾ ਲੈਣਗੇ। -ਪੀਟੀਆਈ

ਡੋਨਲਡ ਟਰੰਪ ਨੇ ਅਮਰੀਕਾ ਨੂੰ ਫੇਲ੍ਹ ਕੀਤਾ: ਬਾਇਡਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਤੋਂ ਪਹਿਲੇ ਅਮਰੀਕੀ ਸਦਰ ਤੇ 2024 ਦੀਆਂ ਚੋਣਾਂ ‘ਚ ਸੰਭਾਵੀ ਰਵਾਇਤੀ ਵਿਰੋਧੀ ਉਮੀਦਵਾਰ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਅਮਰੀਕਾ ਨੂੰ ਨਾਕਾਮ’ ਕਰਨ ਵਿੱਚ ਟਰੰਪ ਦਾ ਵੱਡਾ ਹੱਥ ਹੈ। ਜੀ-20 ਸਿਖਰ ਵਾਰਤਾ ਲਈ ਇੰਡੋਨੇਸ਼ੀਆ ਗਏ ਬਾਇਡਨ ਨੇ ਰਿਜ਼ੌਰਟ ਟਾਪੂ ਬਾਲੀ ਤੋਂ ਟਵਿੱਟਰ ‘ਤੇ ਪੋਸਟ ਕੀਤੀ 52 ਸਕਿੰਟਾਂ ਦੀ ਵੀਡੀਓ ਵਿੱਚ ਕਿਹਾ ਕਿ ਟਰੰਪ ਦੇ ਕਾਰਜਕਾਲ ਨੂੰ ‘ਅਮੀਰਾਂ ਲਈ ਅਰਥਚਾਰੇ ‘ਚ ਧਾਂਦਲੀ’ ਤੇ ‘ਉਦਾਸੀ ਤੋਂ ਬਾਅਦ ਨੌਕਰੀਆਂ ਦੇ ਸਭ ਤੋਂ ਮਾੜੇ ਰਿਕਾਰਡ’ ਵਜੋਂ ਜਾਣਿਆ ਜਾਂਦਾ ਸੀ। ਵੀਡੀਓ ਵਿੱਚ ਟਰੰਪ ਨੇ ਪਿਛਲੇ ਸਾਲ ਅਮਰੀਕੀ ਸੰਸਦ ‘ਤੇ ਟਰੰਪ ਹਮਾਇਤੀਆਂ ਵਲੋਂ ਕੀਤੇ ਹਮਲੇ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਟਰੰਪ ਨੇ ‘ਕੱਟੜਪੰਥੀਆਂ ਨੂੰ ਜੋੜਿਆ’, ‘ਮਹਿਲਾਵਾਂ ਦੇ ਅਧਿਕਾਰਾਂ ‘ਤੇ ਹਮਲਾ ਕੀਤਾ’ ਅਤੇ ‘ਹਿੰਸਕ ਭੀੜ ਨੂੰ ਭੜਕਾਇਆ’। -ਪੀਟੀਆਈ



Source link