ਸ਼ਿਮਲਾ, 20 ਨਵੰਬਰ
ਸ਼ਿਮਲਾ ਵਿੱਚ ਕੁੱਝ ਮਜ਼ਦੂਰਾਂ ਲਈ ਠੰਢ ਕਾਰਨ ਕਮਰੇ ਵਿੱਚ ਕੋਲਾ ਬਾਲਣਾ ਖ਼ਤਰਨਾਕ ਸਾਬਤ ਹੋ ਗਿਆ। ਦਮ ਘੁੱਟਣ ਕਾਰਨ ਉਨ੍ਹਾਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਸੱਤ ਹੋਰਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਕੋਟਗੜ੍ਹ ਖੇਤਰ ਵਿੱਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਇਨ੍ਹਾਂ ਮਜ਼ਦੂਰਾਂ ਨੇ ਕੜਾਕੇ ਦੀ ਠੰਢ ਤੋਂ ਰਾਹਤ ਪਾਉਣ ਲਈ ਕਮਰੇ ਅੰਦਰ ਕੋਲਾ ਬਾਲ਼ ਰੱਖਿਆ ਸੀ, ਪਰ ਹਵਾ ਦੀ ਕਮੀ ਕਾਰਨ ਕਮਰੇ ਅੰਦਰ ਗੈਸ ਜਮ੍ਹਾਂ ਹੋ ਗਈ ਅਤੇ ਉਨ੍ਹਾਂ ਦਾ ਦਮ ਘੁਟਣ ਲੱਗਿਆ। ਦੂਜੇ ਦਿਨ ਜਦੋਂ ਸਥਾਨਕ ਪਿੰਡ ਵਾਸੀਆਂ ਨੇ ਕਮਰੇ ਦੇ ਦਰਵਾਜੇ ਖੋਲ੍ਹੇ ਤਾਂ ਇਹ ਸਾਰੇ ਮਜ਼ਦੂਰ ਬੇਹੋਸ਼ ਪਏ ਸਨ। ਇਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਬਾਕੀ ਸੱਤ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। -ਏਐੱਨਆਈ