ਦਰਸ਼ਨ ਸਿੰਘ ਸੋਢੀ
ਮੁਹਾਲੀ, 22 ਨਵੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਲੁਧਿਆਣਾ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਹੋਏ ਟੈਂਡਰ ਘੁਟਾਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਦੋ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰਾਂ (ਡੀਐੱਫਐੱਸਸੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਗਿੱਲ ਅਤੇ ਹਰਵੀਨ ਕੌਰ ਵਜੋਂ ਕੀਤੀ ਗਈ ਹੈ। ਇਹ ਦੋਵੇਂ ਕਾਂਗਰਸ ਸਰਕਾਰ ਵੇਲੇ ਲੁਧਿਆਣਾ ਪੱਛਮੀ ਅਤੇ ਪੂਰਬੀ ਦੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਧਿਕਾਰੀ ਸਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਡਿਪਟੀ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਆਰਕੇ ਸਿੰਗਲਾ ਸਮੇਤ ਪੰਕਜ ਕੁਮਾਰ ਉਰਫ ਮੀਨੂ ਮਲਹੋਤਰਾ ਅਤੇ ਇੰਦਰਜੀਤ ਸਿੰਘ ਉਰਫ਼ ਇੰਦੀ(ਦੋਵੇਂ ਸਾਬਕਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਹਾਇਕ) ਵਿਰੁੱਧ ਅਦਾਲਤੀ ਕਾਰਵਾਈ ਅਰੰਭ ਦਿੱਤੀ ਹੈ।