ਨਵੀਂ ਦਿੱਲੀ, 22 ਨਵੰਬਰ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੀਆਮ ਰੀਪ ਵਿੱਚ ਕੰਬੋਡੀਆ ਦੇ ਆਪਣੇ ਹਮਰੁਤਬਾ ਜਨਰਲ ਸਮਡੈਕ ਪਿਸ਼ੇ ਸੇਨਾ ਟੀ ਬਾਨ੍ਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਲਈ ਵੱਡੀਆਂ ਸੰਭਾਵਨਾਵਾਂ ਹਨ। ਰਾਜਨਾਥ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ (ਏਡੀਐੱਮਐੱਮ) ਪਲੱਸ ਅਤੇ ਭਾਰਤ-ਆਸੀਆਨ ਰੱਖਿਆ ਮੰਤਰੀਆਂ ਦੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕੰਬੋਡੀਆ ਵਿੱਚ ਹਨ।
ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਜਨਾਥ ਸਿੰਘ ਭਾਰਤ-ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਅਤੇ 9ਵੀਂ ਏਡੀਐੱਮਐੱਮ ਪਲੱਸ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਸੀਆਮ ਰੀਪ ਪਹੁੰਚੇ ਸਨ। ਇਸ ਦੌਰਾਨ ਰਾਜਨਾਥ ਸਿੰਘ ਨੇ ਟਵੀਟ ਕੀਤਾ, ”ਸੀਆਮ ਰੀਪ ਵਿੱਚ ਕੰਬੋਡੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਜਨਰਲ ਸਮਡੈਕ ਪਿਸ਼ੇ ਸੇਨਾ ਟੀ ਬਾਨ੍ਹ ਨਾਲ ਮੁਲਾਕਾਤ ਦੌਰਾਨ ਭਾਰਤ-ਕੰਬੋਡੀਆ ਰੱਖਿਆ ਸਬੰਧਾਂ ਦੀ ਸਮੀਖਿਆ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਵਧਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ।”
ਅੱਜ ਉਨ੍ਹਾਂ ਹੋਰ ਆਗੂਆਂ ਨਾਲ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ, ”ਅੱਜ ਕੰਬੋਡੀਆ ਦੇ ਸੀਆਮ ਰੀਪ ‘ਚ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨਾਲ ਭਾਰਤ ਅਤੇ ਆਸਟਰੇਲੀਆ ਵਿਚਾਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ।” ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨਾਲ ਮੁਲਾਕਾਤ ਕਰ ਕੇ ਖੁਸ਼ੀ ਹੋਈ। ਇੱਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ, ”ਨਿਊਜ਼ੀਲੈਂਡ ਦੇ ਰੱਖਿਆ ਮੰਤਰੀ ਪੀਨੀ ਹੇਨਾਰੇ ਨਾਲ ਗੱਲਬਾਤ ਹੋਈ।” ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੰਬੋਡੀਆ ਪਹੁੰਚਣ ਤੋਂ ਬਾਅਦ ਰਾਜਨਾਥ ਸਿੰਘ ਨੇ ਕੰਬੋਡੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਜਨਰਲ ਟੀਅ ਬਾਨ ਨਾਲ ਦੁਵੱਲੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਕੰਬੋਡੀਆ ਵਿੱਚ ਇੱਕ ਪ੍ਰਾਚੀਨ ਮੰਦਰ ਕੰਪਲੈਕਸ ਆਂਗਕੋਰ ਵਾਟ ਨੂੰ ਦੋਵਾਂ ਦੇਸ਼ਾਂ ਵਿਚਾਲੇ ਲੰਮੇ ਸਮੇਂ ਤੱਕ ਚੱਲਣ ਵਾਲੇ ਸਬੰਧਾਂ ਦਾ ਪ੍ਰਤੀਕ ਮੰਨਿਆ। ਮੰਤਰਾਲੇ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਕੰਬੋਡੀਆ ਨੂੰ 2022 ਵਿੱਚ ਆਸੀਆਨ ਅਤੇ ਏਡੀਐੱਮਐੱਮ ਪਲੱਸ ਦੀ ਸਫ਼ਲ ਪ੍ਰਧਾਨਗੀ ਲਈ ਵਧਾਈ ਦਿੱਤੀ। -ਪੀਟੀਆਈ