ਸੱਤਾਧਾਰੀ ਪਾਰਟੀ ਮੁਕਾਬਲੇ ਸੂਨਕ ਲੋਕਾਂ ਨੂੰ ਵਧੇਰੇ ਪਸੰਦ

ਸੱਤਾਧਾਰੀ ਪਾਰਟੀ ਮੁਕਾਬਲੇ ਸੂਨਕ ਲੋਕਾਂ ਨੂੰ ਵਧੇਰੇ ਪਸੰਦ


ਲੰਡਨ, 25 ਨਵੰਬਰ

ਭਾਰਤੀ ਮੂਲ ਦੇ ਰਿਸ਼ੀ ਸੂਨਕ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਇੱਕ ਮਹੀਨਾ ਬਾਅਦ ਇਹ ਸੰਕੇਤ ਮਿਲੇ ਹਨ ਕਿ ਦੇਸ਼ ਦੇ ਲੋਕ ਸੂਨਕ ਨੂੰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਵੱਧ ਪਸੰਦ ਕਰਦੇ ਹਨ। 42 ਸਾਲਾ ਸਾਬਕਾ ਚਾਂਸਲਰ ਕਰੋਨਾ ਅਤੇ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਦੇਸ਼ ਦਾ ਅਰਥਚਾਰਾ ਲੀਹ ‘ਤੇ ਲਿਆਉਣ ਲਈ ਅੱਗੇ ਆਇਆ ਸੀ। ਮਹੀਨੇ ਦੇ ਸ਼ੁਰੂ ਵਿੱਚ ਕੀਤੇ ਗਏ ਸਰਵੇਖਣ ‘ਨਵੰਬਰ ਇਪਸੋਸ ਪੋਲੀਟਿਕਲ ਮੌਨੀਟਰ’ ਅਨੁਸਾਰ ਲੋਕਪ੍ਰਿਅਤਾ ਦੇ ਆਧਾਰ ‘ਤੇ ਸੂਨਕ ਨੇ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਵੀ ਪਛਾੜ ਦਿੱਤਾ ਹੈ। ਸਰਵੇਖਣ ਅਨੁਸਾਰ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਜੂਨ ਤੋਂ ਹੋਰ ਘੱਟ ਗਈ ਹੈ ਅਤੇ ਲੇਬਰ ਪਾਰਟੀ ਨੂੰ ਪਸੰਦ ਕਰਨ ਵਾਲਿਆਂ ਦੇ ਅਨੁਪਾਤ ਵਿੱਚ ਥੋੜ੍ਹਾ ਵਾਧਾ ਹੋਇਆ ਹੈ।

ਇਪਸੋਸ ਅਨੁਸਾਰ ਲਗਪਗ 47 ਫੀਸਦ ਲੋਕ ਰਿਸ਼ੀ ਸੂਨਕ ਨੂੰ ਪਸੰਦ ਅਤੇ 41 ਫੀਸਦ ਲੋਕ ਉਸ ਨੂੰ ਨਾਪਸੰਦ ਕਰਦੇ ਹਨ। ਇਸ ਤਰ੍ਹਾਂ ਲੋਕ ਸੂਨਕ ਨੂੰ ਬੋਰਿਸ ਜੌਹਨਸਨ ਨਾਲੋਂ ਵੀ ਵੱਧ ਪਸੰਦ ਕਰ ਰਹੇ ਹਨ। ਹਾਲਾਂਕਿ 26 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕਰਦੇ ਹਨ ਅਤੇ 62 ਫੀਸਦੀ ਲੋਕ ਪਾਰਟੀ ਨੂੰ ਨਾਪਸੰਦ ਕਰਦੇ ਹਨ।

ਆਪਣੀ ਹੀ ਪਾਰਟੀ ਦੇ ਮੈਂਬਰਾਂ ਦਾ ਸਮਰਥਨ ਗੁਆਉਣ ਤੋਂ ਬਾਅਦ ਲਿਜ਼ ਟਰੱਸ ਵੱਲੋਂ ਅਸਤੀਫੇ ਦੇਣ ਮਗਰੋਂ ਜਦੋਂ ਸੂਨਕ ਨੇ 25 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ਹੁਣ ਉਸ ਨੂੰ ਇਸ ਸਰਵੇਖਣ ਨਾਲ ਉਤਸ਼ਾਹ ਮਿਲਿਆ ਹੈ। ਪੰਜ ਵਿਚੋਂ ਦੋ ਵਿਅਕਤੀ ਭਾਵ 42 ਫੀਸਦੀ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਸੂਨਕ ਚੰਗੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਇਸੇ ਤਰ੍ਹਾਂ 34 ਫੀਸਦੀ ਲੋਕ ਇਸ ਤੋਂ ਉਲਟ ਸੋਚਦੇ ਹਨ। -ਪੀਟੀਆਈ



Source link