ਤਾਇਪੇ, 27 ਨਵੰਬਰ
ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ਵਿੱਚ ਲੱਗੀ ਭਿਆਨਕ ਅੱਗ ਕਾਰਨ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਉਨ੍ਹਾਂ ਨੇ ਸ਼ਨਿਚਰਵਾਰ ਰਾਤ ਕੋਵਿਡ-19 ਪਾਬੰਦੀਆਂ ਖ਼ਿਲਾਫ਼ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤਾ। ਬਹੁਤ ਸਾਰੇ ਪ੍ਰਦਰਸ਼ਨਾਂ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕੀ ਪਰ ਪੁਲੀਸ ਨੇ ਅੱਧੀ ਰਾਤ ਨੂੰ ਮੱਧ ਉਰਮਕੀ ਰੋਡ ‘ਤੇ ਇਕੱਠੇ ਹੋਏ 300 ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਮਿਰਚ ਸਪਰੇਅ ਦੀ ਵਰਤੋਂ ਕੀਤੀ। ਸ਼ਿਨਜਿਆਂਗ ਦੀ ਰਾਜਧਾਨੀ ਉਰਮਕੀ ਦੇ ਅਪਾਰਟਮੈਂਟ ‘ਚ ਅੱਗ ਲੱਗਣ ਕਾਰਨ 10 ਵਿਅਕਤੀਆਂ ਦੀ ਮੌਤ ਤੋਂ ਬਾਅਦ ਗੁੱਸੇ ‘ਚ ਲੋਕ ਸੜਕਾਂ ‘ਤੇ ਉਤਰ ਆਏ। ਉਰਮਕੀ ਸ਼ਹਿਰ ‘ਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਤਾਲਾਬੰਦੀ ਵਿਰੁੱਧ ਦੇਰ ਰਾਤ ਲੋਕਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਅਧਿਕਾਰੀਆਂ ਨੂੰ ਪਾਬੰਦੀਆਂ ਹਟਾਉਣ ਲਈ ਮਜਬੂਰ ਕੀਤਾ ਗਿਆ। ਕਈਆਂ ਦਾ ਦੋਸ਼ ਹੈ ਕਿ ਵਾਇਰਸ ਨਾਲ ਸਬੰਧਤ ਪਾਬੰਦੀਆਂ ਕਾਰਨ ਲਗਾਈਆਂ ਗਈਆਂ ਰੁਕਾਵਟਾਂ ਨੇ ਅੱਗ ਬੁਝਾਉਣ ਲਈ ਦਸਤੇ ਸਮੇਂ ਸਿਰ ਨਹੀਂ ਪੁੱਜੇ।