ਭਾਜਪਾ ਨੂੰ ਕਾਂਗਰਸ ਨਾਲੋਂ ਛੇ ਗੁਣਾ ਵੱਧ ਮਿਲਿਆ ਚੰਦਾ

ਭਾਜਪਾ ਨੂੰ ਕਾਂਗਰਸ ਨਾਲੋਂ ਛੇ ਗੁਣਾ ਵੱਧ ਮਿਲਿਆ ਚੰਦਾ


ਨਵੀਂ ਦਿੱਲੀ, 30 ਨਵੰਬਰ

ਹੁਕਮਰਾਨ ਭਾਜਪਾ ਨੂੰ ਵਿੱਤੀ ਵਰ੍ਹੇ 2021-22 ਦੌਰਾਨ ਚੰਦੇ ਦੇ ਰੂਪ ‘ਚ 614.53 ਕਰੋੜ ਰੁਪਏ ਮਿਲੇ ਹਨ। ਭਾਜਪਾ ਨੂੰ ਮਿਲਿਆ ਚੰਦਾ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਮਿਲੇ ਫੰਡਾਂ ਨਾਲੋਂ ਛੇ ਗੁਣਾ ਤੋਂ ਜ਼ਿਆਦਾ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕਾਂਗਰਸ ਨੂੰ 95.46 ਕਰੋੜ ਰੁਪਏ ਚੰਦੇ ਦੇ ਰੂਪ ‘ਚ ਮਿਲੇ ਹਨ। ਤ੍ਰਿਣਮੂਲ ਕਾਂਗਰਸ, ਜੋ ਪੱਛਮੀ ਬੰਗਾਲ ‘ਚ ਸੱਤਾ ‘ਚ ਹੈ, ਨੂੰ ਇਸੇ ਵਕਫ਼ੇ ਦੌਰਾਨ ਸਿਰਫ਼ 43 ਲੱਖ ਰੁਪਏ ਚੰਦੇ ਵਜੋਂ ਮਿਲੇ ਜਦਕਿ ਸੀਪੀਐੱਮ (ਜਿਸ ਦੀ ਕੇਰਲਾ ‘ਚ ਸਰਕਾਰ ਹੈ) ਨੂੰ 10.05 ਕਰੋੜ ਹਾਸਲ ਹੋਏ। ਚਾਰ ਕੌਮੀ ਪਾਰਟੀਆਂ ਨੇ ਮਿਲੇ ਚੰਦੇ ਬਾਰੇ ਹੁਣੇ ਜਿਹੇ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਹੈ ਜਿਸ ਦੇ ਵੇਰਵੇ ਮੰਗਲਵਾਰ ਨੂੰ ਜਨਤਕ ਕੀਤੇ ਗਏ ਹਨ। ਜਨ ਪ੍ਰਤੀਨਿਧ ਐਕਟ ‘ਚ ਪਾਰਟੀਆਂ ਨੂੰ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਰਕਮ ਚੰਦੇ ਵਜੋਂ ਮਿਲਣ ‘ਤੇ ਸਾਲਾਨਾ ਜਾਣਕਾਰੀ ਦੇਣੀ ਪੈਂਦੀ ਹੈ। ਭਾਜਪਾ ਨੂੰ ਪਰੂਡੈਂਟ ਇਲੈਕਟੋਰਲ ਟਰੱਸਟ ਸਮੇਤ ਹੋਰ ਕਈ ਟਰੱਸਟਾਂ ਨੇ ਵੱਡਾ ਯੋਗਦਾਨ ਦਿੱਤਾ ਹੈ। ਦਿੱਲੀ ਅਤੇ ਭਾਜਪਾ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਮੁਤਾਬਕ ਉਨ੍ਹਾਂ ਨੂੰ ਵਿੱਤੀ ਵਰ੍ਹੇ 2021-22 ਦੌਰਾਨ ਚੰਦੇ ਵਜੋਂ 44.54 ਕਰੋੜ ਰੁਪਏ ਮਿਲੇ ਹਨ। ਇਸ ਸਾਲ ਅਕਤੂਬਰ ‘ਚ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ‘ਚ ਉਨ੍ਹਾਂ 30.30 ਕਰੋੜ ਰੁਪਏ ਖ਼ਰਚੇ ਵਜੋਂ ਦਿਖਾਏ ਹਨ। ‘ਆਪ’ ਦਿੱਲੀ ਅਤੇ ਪੰਜਾਬ ਤੋਂ ਇਲਾਵਾ ਗੋਆ ‘ਚ ਮਾਨਤਾ ਪ੍ਰਾਪਤ ਪਾਰਟੀ ਹੈ। -ਪੀਟੀਆਈ



Source link