ਨਵੀਂ ਦਿੱਲੀ, 4 ਦਸੰਬਰ
ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਆਕਾਸ਼ ਹਥਿਆਰ ਪ੍ਰਣਾਲੀ ਦੇ ‘ਲੈਂਡ-ਫੋਰਸਿਜ਼’ ਸਰੂਪ ਨਾਲ ਸਬੰਧਤ ਸਾਰੀ ਤਕਨੀਕੀ ਜਾਣਕਾਰੀ ਮਿਜ਼ਾਈਲ ਪ੍ਰਣਾਲੀ ਬਾਰੇ ਗੁਣਵੱਤਾ ਏਜੰਸੀ (ਐਮਐੱਸਕਿਊਏਏ) ਨੂੰ ਸੌਂਪ ਦਿੱਤੀ ਹੈ। ਇਸ ਨਾਲ ਇਸ ਦੇ ਉਤਪਾਦਨ ਦਾ ਰਾਹ ਪੱਧਰਾ ਹੋ ਗਿਆ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹੈਦਰਾਬਾਦ ਵਿਚ ਸੀਲਬੰਦ ਦਸਤਾਵੇਜ਼ ਏਜੰਸੀ ਨੂੰ ਦੇ ਦਿੱਤੇ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਪੂਰੀ ਹਥਿਆਰ ਪ੍ਰਣਾਲੀ ਦੀ ਡਰਾਇੰਗ ਵੀ ਸ਼ਾਮਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਡੀਆਰਡੀਓ, ਭਾਰਤੀ ਸੈਨਾ ਤੇ ਉਦਯੋਗ ਜਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਕਦਮ ਰੱਖਿਆ ਸੇਵਾਵਾਂ ਦੀਆਂ ਲੋੜਾਂ ਨੂੰ ਲੰਮੇ ਸਮੇਂ ਤੱਕ ਪੂਰਾ ਕਰਦਾ ਰਹੇਗਾ। ਜ਼ਿਕਰਯੋਗ ਹੈ ਕਿ ‘ਆਕਾਸ਼’ ਭਾਰਤ ਦੀ ਪਹਿਲੀ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਹੈ। -ਪੀਟੀਆਈ