ਨਵੀਂ ਦਿੱਲੀ, 5 ਦਸੰਬਰ
ਮੁੱਖ ਅੰਸ਼
- ਗੁਜਰਾਤ ‘ਚ ‘ਆਪ’ ਨੂੰ ਵੋਟ ਫੀਸਦ ‘ਚ ਵੱਡਾ ਲਾਭ
ਗੁਜਰਾਤ ਅਸੈਂਬਲੀ ਚੋਣਾਂ ਲਈ ਦੂਜਾ ਤੇ ਆਖਰੀ ਗੇੜ ਮੁਕੰਮਲ ਹੋਣ ਮਗਰੋਂ ਜਾਰੀ ਵੱਖ-ਵੱਖ ਐਗਜ਼ਿਟ ਪੋਲਾਂ (ਚੋਣ ਸਰਵੇਖਣਾਂ) ਵਿੱਚ ਗੁਜਰਾਤ ਵਿੱਚ ਲਗਾਤਾਰ ਪੰਜਵੀਂ ਵਾਰ ਕਮਲ ਖਿੜਨ ਦੀ ਸੰਭਾਵਨਾ ਜਤਾਈ ਗਈ ਹੈ ਜਦੋਂਕਿ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉੱਧਰ ਦਿੱਲੀ ਦੇ 250 ਵਾਰਡਾਂ ਲਈ ਹੋਈਆਂ ਨਿਗਮ ਚੋਣਾਂ ਵਿੱਚ ”ਆਪ” ਦੇ ਝਾੜੂ ਵੱਲੋਂ ਹੂੰਝਾ ਫਿਰਦਾ ਦਿਸ ਰਿਹਾ ਹੈ। ਇਸੇ ਦੌਰਾਨ ਗੁਜਰਾਤ ਵਿੱਚ ‘ਆਪ’ ਨੂੰ ਵੋਟ ਫੀਸਦ ‘ਚ ਵੱਡਾ ਲਾਭ ਹੋ ਰਿਹਾ ਹੈ।
ਹਿਮਾਚਲ ਪ੍ਰਦੇਸ਼ ਦੀਆਂ 68 ਅਸੈਂਬਲੀ ਸੀਟਾਂ ਲਈ ਨਿਊਜ਼ ਐਕਸ ਜਨ ਕੀ ਬਾਤ ਨੇ ਭਾਜਪਾ ਨੂੰ 32-40, ਕਾਂਗਰਸ ਨੂੰ 27-34, ‘ਆਪ’ ਨੂੰ 0 ਤੇ ਹੋਰਨਾਂ ਨੂੰ 1-2 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਰਿਪਬਲਿਕ ਟੀਵੀ ਪੀ.ਮਾਰਕ ਨੇ ਭਾਜਪਾ ਨੂੰ 34-39, ਕਾਂਗਰਸ ਨੂੰ 28-33, ‘ਆਪ’ ਨੂੰ 0-1, ਹੋਰਨਾਂ ਨੂੰ 1 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ। ‘ਟਾਈਮਜ਼ ਨਾਓ ਈਟੀਜੀ’ ਨੇ ਭਾਜਪਾ ਨੂੰ 34-42, ਕਾਂਗਰਸ ਨੂੰ 24-32, ‘ਆਪ’ ਨੂੰ ਸਿਫਰ ਤੇ ਹੋਰਨਾਂ ਨੂੰ 1 ਤੋਂ 3 ਸੀਟਾਂ ਮਿਲਦੀਆਂ ਵਿਖਾਈਆਂ ਹਨ। ਜ਼ੀ ਨਿਊਜ਼ ਬਾਰਕ ਨੇ ਭਾਜਪਾ ਨੂੰ 35-40, ਕਾਂਗਰਸ ਨੂੰ 20-25, ‘ਆਪ’ ਨੂੰ 0-3 ਅਤੇ ਹੋਰਨਾਂ ਨੂੰ 1 ਤੋਂ 5 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ‘ਪੋਲ ਆਫ ਐਗਜ਼ਿਟ ਪੋਲਸ’ ਵਿੱਚ ਭਾਜਪਾ ਨੂੰ 35 ਸੀਟਾਂ, ਕਾਂਗਰਸ ਨੂੰ 30 ਸੀਟਾਂ ਅਤੇ ‘ਆਪ’ ਨੂੰ 0 ਜਦਕਿ ਹੋਰਨਾਂ ਨੂੰ 3 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਉਧਰ ਗੁਜਰਾਤ ਦੀਆਂ 182 ਸੀਟਾਂ ਲਈ ਜਾਰੀ ਐਗਜ਼ਿਟ ਪੋਲ ਵਿੱਚ ਨਿਊਜ਼ ਐਕਸ ਜਨ ਕੀ ਬਾਤ ਨੇ ਭਾਜਪਾ ਨੂੰ 117-140, ਕਾਂਗਰਸ ਨੂੰ 34-51, ‘ਆਪ’ ਨੂੰ 6-13 ਜਦਕਿ ਹੋਰਨਾਂ ਨੂੰ 1 ਤੋਂ 2 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਰਿਪਬਲਿਕ ਟੀਵੀ ਪੀ ਮਾਰਕ ਨੇ ਭਾਜਪਾ ਨੂੰ 128 ਤੋਂ 148, ਕਾਂਗਰਸ ਤੇ ਹੋਰਨਾਂ ਨੂੰ 30-42 ਤੇ ‘ਆਪ’ ਨੂੰ 2-10 ਤੇ ਹੋਰਨਾਂ ਨੂੰ 0-3, ਟੀਵੀ 9 ਗੁਜਰਾਤੀ ਨੇ ਭਾਜਪਾ ਨੂੰ 125-130, ਕਾਂਗਰਸ 40-50 ਤੇ ‘ਆਪ’ ਨੂੰ 3-5 ਅਤੇ ਹੋਰਨਾਂ ਨੂੰ 0-3, ‘ਪੋਲ ਆਫ ਐਗਜ਼ਿਟ ਪੋਲਸ’ ਵਿੱਚ ਭਾਜਪਾ ਨੂੰ 132 ਸੀਟਾਂ, ਕਾਂਗਰਸ ਨੂੰ 38 ਸੀਟਾਂ ਅਤੇ ‘ਆਪ’ ਨੂੰ 8 ਜਦਕਿ ਹੋਰਨਾਂ ਨੂੰ 4 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਵੱਖ-ਵੱਖ ਐਗਜ਼ਿਟ ਪੋਲਾਂ ਮੁਤਾਬਕ ਕਾਂਗਰਸ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਸਰਕਾਰ ਖ਼ਿਲਾਫ਼ ਰੁਜ਼ਗਾਰ, ਪੁਰਾਣੀ ਪੈਨਸ਼ਨ ਸਕੀਮ ਦੇ ਮੁੱਦੇ ਉਭਾਰਨ ਦੇ ਬਾਵਜੂਦ ਉਸ ਨੂੰ ਹਾਰ ਮਿਲਦੀ ਦਿਖਾਈ ਦੇ ਰਹੀ ਹੈ। ਸੂਬੇ ਵਿੱਚ ‘ਆਪ’ ਦਾ ਵੀ ਖਾਤਾ ਨਾ ਖੁੱਲ੍ਹਦਾ ਦਿਖਾਇਆ ਗਿਆ ਹੈ।
ਜੇਕਰ ਇਹ ਐਗਜ਼ਿਟ ਪੋਲ ਸਹੀ ਸਾਬਿਤ ਹੁੰਦੇ ਹਨ ਤਾਂ 1985 ਤੋਂ ਬਾਅਦ ਭਾਜਪਾ ਸੂਬੇ ਵਿੱਚ ਸੱਤਾ ਬਰਕਰਾਰ ਹਾਸਲ ਕਰਨ ਵਾਲੀ ਪਹਿਲੀ ਸਰਕਾਰ ਬਣ ਜਾਵੇਗੀ।
ਜ਼ਿਮਨੀ ਚੋਣਾਂ: ਵੱਖ-ਵੱਖ ਹਲਕਿਆਂ ਿਵੱਚ ਦਰਮਿਆਨੀ ਤੋਂ ਉੱਚੀ ਵੋਟ ਪ੍ਰਤੀਸ਼ਤ ਦਰਜ
ਨਵੀਂ ਦਿੱਲੀ/ਲਖਨਊ: ਪੰਜ ਰਾਜਾਂ ਦੇ ਛੇ ਵਿਧਾਨ ਸਭਾ ਹਲਕਿਆਂ ਤੇ ਇਕ ਲੋਕ ਸਭਾ ਹਲਕੇ ਲਈ ਅੱਜ ਹੋਈਆਂ ਜ਼ਿਮਨੀ ਚੋਣਾਂ ਵਿਚ ਦਰਮਿਆਨੀ ਤੋਂ ਉੱਚੀ ਵੋਟ ਪ੍ਰਤੀਸ਼ਤ ਦਰਜ ਕੀਤੀ ਗਈ। ਜਦਕਿ ਯੂਪੀ ਦੇ ਰਾਮਪੁਰ ਵਿਚ ਸਿਰਫ਼ 31 ਪ੍ਰਤੀਸ਼ਤ ਲੋਕਾਂ ਨੇ ਹੀ ਵੋਟ ਹੱਕ ਦੀ ਵਰਤੋਂ ਕੀਤੀ। ਮੈਨਪੁਰੀ ਲੋਕ ਸਭਾ ਸੀਟ ਜੋ ਕਿ ਸਪਾ ਆਗੂ ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ, ‘ਤੇ ਅੱਜ ਵੋਟਿੰਗ ਫੀਸਦ 53.31 ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇੱਥੋਂ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਚੋਣ ਲੜ ਰਹੀ ਹੈ। ਜਦਕਿ ਖਟੌਲੀ ਹਲਕੇ ਵਿਚ 56.46 ਪ੍ਰਤੀਸ਼ਤ ਵੋਟਾਂ ਪਈਆਂ। ਮੁੱਖ ਧਿਰਾਂ ਭਾਜਪਾ ਤੇ ਸਮਾਜਵਾਦੀ ਪਾਰਟੀ ਨੇ ਇਕ-ਦੂਜੇ ਉਤੇ ਗੜਬੜੀ ਕਰਨ ਦਾ ਦੋਸ਼ ਲਾਇਆ ਅਤੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਵੀ ਕੀਤੀ। ਉੜੀਸਾ ਦੇ ਪਦਮਪੁਰ ਹਲਕੇ ਵਿਚ 76 ਪ੍ਰਤੀਸ਼ਤ ਵੋਟਿੰਗ ਹੋਈ। ਜਦਕਿ ਰਾਜਸਥਾਨ ਦੇ ਸਰਦਾਰਸ਼ਹਿਰ ਵਿਚ 70 ਪ੍ਰਤੀਸ਼ਤ ਵੋਟਿੰਗ ਹੋਈ। ਛੱਤੀਸਗੜ੍ਹ ਦੇ ਭਾਨੂਪ੍ਰਤਾਪਪੁਰ ਵਿਧਾਨ ਸਭਾ ਹਲਕੇ ਵਿਚ 64.86 ਪ੍ਰਤੀਸ਼ਤ ਤੇ ਬਿਹਾਰ ਦੇ ਕੁਰਹਾਨੀ ਹਲਕੇ ਵਿਚ 58 ਪ੍ਰਤੀਸ਼ਤ ਵੋਟਾਂ ਪਈਆਂ। ਚੋਣ ਅਮਲ ਸ਼ਾਂਤੀਪੂਰਨ ਢੰਗ ਨਾਲ ਪੂਰਾ ਹੋਇਆ ਹੈ। -ਪੀਟੀਆਈ
ਦਿੱਲੀ ਨਿਗਮ ਚੋਣਾਂ ‘ਚ ‘ਆਪ’ ਨੂੰ ਸਪੱਸ਼ਟ ਬਹੁਮਤ ਦੇ ਆਸਾਰ
ਮੁੱਖ ਅੰਸ਼
- ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ
- ਕਰੀਬ 50 ਫੀਸਦੀ ਹੋਈ ਸੀ ਵੋਟਿੰਗ
ਨਵੀਂ ਦਿੱਲੀ, 5 ਦਸੰਬਰ
ਦਿੱਲੀ ਨਗਰ ਨਿਗਮ ਚੋਣਾਂ (ਐਮਸੀਡੀ) ਦੇ ਜਾਰੀ ਹੋਏ ਤਿੰਨ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਗਮਾਂ ‘ਤੇ 15 ਸਾਲਾਂ ਤੋਂ ਭਾਜਪਾ ਕਾਬਜ਼ ਹੈ। ਨਿਗਮਾਂ ਲਈ ਪਈਆਂ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। 250 ਵਾਰਡਾਂ ਲਈ ਐਤਵਾਰ ਨੂੰ ਹੋਈਆਂ ਚੋਣਾਂ ਵਿਚ ਕਰੀਬ 50 ਪ੍ਰਤੀਸ਼ਤ ਵੋਟਿੰਗ ਹੋਈ ਸੀ ਜਦਕਿ ਕੁੱਲ ਯੋਗ ਵੋਟਰ 1.45 ਕਰੋੜ ਹਨ। ਟਾਈਮਜ਼ ਨਾਓ-ਈਟੀਜੀ ਮੁਤਾਬਕ ‘ਆਪ’ 146-156 ਵਾਰਡ ਜਿੱਤ ਰਹੀ ਹੈ। ਜਦਕਿ ਭਾਜਪਾ ਨੂੰ 84-94 ਵਾਰਡਾਂ ਉਤੇ ਜਿੱਤ ਮਿਲ ਰਹੀ ਹੈ। ਕਾਂਗਰਸ ਹਿੱਸੇ 6-10 ਵਾਰਡ ਆ ਰਹੇ ਹਨ। ਬਾਕੀਆਂ ਨੂੰ ਚਾਰ ਵਾਰਡਾਂ ਉਤੇ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਆਜ ਤਕ-ਐਕਸਿਸ ਮਾਈ ਇੰਡੀਆ ਵਿਚ ‘ਆਪ’ ਨੂੰ 149-171 ਵਾਰਡਾਂ ਉਤੇ ਜਿੱਤ ਮਿਲ ਰਹੀ ਹੈ ਜਦਕਿ ਭਾਜਪਾ ਹਿੱਸੇ 69-91 ਵਾਰਡ ਆ ਰਹੇ ਹਨ। ਨਿਊਜ਼ ਐਕਸ ਦਾ ਸਰਵੇਖਣ ‘ਆਪ’ ਨੂੰ 150-175 ਵਾਰਡ ਦੇ ਰਿਹਾ ਹੈ। ਜਦਕਿ ਭਾਜਪਾ ਨੂੰ 70-92 ਸੀਟਾਂ ਉਤੇ ਜਿੱਤ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ। -ਪੀਟੀਆਈ