ਇਕਬਾਲ ਸਿੰਘ ਸ਼ਾਂਤ
ਲੰਬੀ, 8 ਦਸੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 96ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਗਏ। ਸਾਬਕਾ ਮੁੱਖ ਮੰਤਰੀ ਨੇ ਅੱਜ ਪਿੰਡ ਬਾਦਲ ਰਿਹਾਇਸ਼ ‘ਤੇ ਇਸ ਮੌਕੇ ਕੇਕ ਕੱਟਿਆ। ਇਸ ਮੌਕੇ ਬਾਦਲ ਪਰਿਵਾਰ ਦੇ ਇਲਾਵਾ ਅਕਾਲੀ ਦਲ ਦੀ ਸਮੁੱਚੀ ਸਿਖ਼ਰਲੀ ਲੀਡਰਸ਼ਿਪ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਮੈਂਬਰਾਂ ਦੇ ਇਲਾਵਾ ਸਾਬਕਾ ਵਿਧਾਇਕ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਤੇ ਜ਼ਿਲ੍ਹਾ ਪ੍ਰਧਾਨ ਪੁੱਜੇ ਹੋਏ ਸਨ। ਅਕਾਲੀ ਦਲ ਦੀ ਕੋਰ ਕਮੇਟੀ ਅਤੇ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰੀਬ 40 ਮਿੰਟ ਤੱਕ ਮਹਿਮਾਨਾਂ ‘ਚ ਵਿਚਰੇ। ਕੇਕ ਦੀ ਰਸਮ ਉਪਰੰਤ ਵੱਡੇ ਬਾਦਲ ਨੇ ਸਮੂਹ ਲੀਡਰਾਂ ਨੇ ਫੋਟੋਆਂ ਖਿਚਵਾਈਆਂ। ਸਵੇਰੇ ਸਮੇਂ ਅਖੰਡ ਪਾਠ ਦੇ ਭੋਗ ਵੀ ਪਾਏ ਗਏ ਸਨ। ਜਨਮ ਦਿਨ ਦੇ ਮੌਕੇ ਅਕਾਲੀ ਲੀਡਰਸ਼ਿਪ ਦੀ ਵੱਡੇ ਬਾਦਲ ਨਾਲ ਮੁਲਾਕਾਤ ਦੀ ‘ਤਾਂਘ’ ਵੀ ਪੂਰੀ ਹੋਈ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਸਿਹਤ ਖ਼ਰਾਬੀ ਉਪਰੰਤ ਡਾਕਟਰੀ ਸਲਾਹ ‘ਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਜਨਤਕ ਮੁਲਾਕਾਤਾਂ ‘ਤੇ ਵਿਰਾਮ ਲੱਗਿਆ ਹੋਇਆ ਹੈ। ਇਸ ਮੌਕੇ ਬਾਦਲ ਪਰਿਵਾਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਮੇਜਰ ਭੁਪਿੰਦਰ ਸਿੰਘ, ਲਾਲੀ ਬਾਦਲ ਅਤੇ ਬਾਵਾ ਬਾਦਲ ਵੀ ਮੌਜੂਦ ਸਨ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਅਤੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਜਨਮ ਦਿਨ ਨਿਰੋਲ ਪਰਿਵਾਰਕ ਸਮਾਗਮ ਸੀ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ, ਆਦੇਸ਼ਪ੍ਰਤਾਪ ਸਿੰਘ ਕੈਰੋਂ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਣੀਕੇ, ਸਾਬਕਾ ਬਸਪਾ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪਰ, ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਬਸਪਾ ਵਿਧਾਇਕ ਨਛੱਤਰਪਾਲ, ਸਿਕੰਦਰ ਸਿੰਘ ਮਲੂਕਾ, ਗੋਬਿੰਦ ਸਿੰਘ ਲੌਂਗੋਵਾਲ, ਮਦਨ ਮੋਹਣ ਮਿੱਤਲ, ਅਨਿਲ ਜੋਸ਼ੀ, ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਰੋਜ਼ੀ ਬਰਕੰਦੀ, ਮਗਵਿੰਦਰ ਸਿੰਘ ਖਾਪੜਖੇੜੀ, ਰੂਬੀ ਅਟਾਰੀ, ਡਿੰਪੀ ਢਿੱਲੋਂ, ਬਲਜੀਤ ਸਿੰਘ ਬੀੜ ਬਹਿਮਣ, ਅਵਤਾਰ ਸਿੰਘ ਬਨਵਾਲਾ, ਆਕਾਸ਼ਦੀਪ ਮਿੱਡੂਖੇੜਾ ਅਤੇ ਰਣਯੋਧ ਸਿੰਘ ਲੰਬੀ ਸਮੇਤ ਵੱਡੀ ਗਿਣਤੀ ਆਗੂ ਮੌਜੂਦ ਸਨ।