ਅੰਬੂਜਾ ਮੁਲਾਜ਼ਮਾਂ ਵੱਲੋ ਪ੍ਰਸ਼ਾਸਨ ਨੂੰ ਧਰਨਾ ਖਤਮ ਕਰਾਉਣ ਦੀ ਅਪੀਲ

ਅੰਬੂਜਾ ਮੁਲਾਜ਼ਮਾਂ ਵੱਲੋ ਪ੍ਰਸ਼ਾਸਨ ਨੂੰ ਧਰਨਾ ਖਤਮ ਕਰਾਉਣ ਦੀ ਅਪੀਲ


ਜਗਮੋਹਨ ਸਿੰਘ

ਰੂਪਨਗਰ/ਘਨੌਲੀ

ਅੰਬੂਜਾ ਫੈਕਟਰੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਸੋਮਵਾਰ ਨੂੰ ਵਿਸ਼ੇਸ਼ ਮੀਟਿੰਗ ਕਰਦੇ ਹੋਏ ਧਰਨੇ ਦਾ ਵਿਰੋਧ ਕਰਦਿਆਂ ਕਿਹਾ ਕਿ ਅੰਬੂਜਾ ਫੈਕਟਰੀ ਦੇ ਸਿਰ ‘ਤੇ ਜਿੱਥੇ ਸੈਂਕੜੇ ਮੁਲਾਜ਼ਮਾਂ ਦੀ ਰੋਜ਼ੀ ਰੋਟੀ ਚਲ ਰਹੀ ਹੈ ਉਥੇ ਹੀ ਹਜ਼ਾਰਾਂ ਟਰੱਕਾਂ ਵਾਲਿਆਂ, ਮਕੈਨਿਕਾਂ ਤੇ ਦੁਕਾਨਦਾਰਾਂ ਦੇ ਘਰ ਚੱਲਦੇ ਹਨ। ਇਸ ਲਈ ਹਜ਼ਾਰਾਂ ਲੋਕਾਂ ਦੀ ਰੋਜ਼ੀ ਰੋਟੀ ਨੂੰ ਸੰਭਾਲਣ ਲਈ ਢੁੱਕਵਾਂ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਹੁਣ ਜਦੋਂ ਫੈਕਟਰੀ ਉਨ੍ਹਾਂ ਦੀ ਮੰਗ ਅਨੁਸਾਰ ਸਥਾਨਕ ਟਰੱਕਾਂ ਦੀ ਗਿਣਤੀ 140 ਤੋਂ ਵਧਾ ਕੇ 300 ਕਰਨ ਲਈ ਸਹਿਮਤ ਹੋ ਗਈ ਹੈ ਤੇ ਫੈਕਟਰੀ ਨੇ 35 ਲੱਖ ਰੁਪਏ ਦੀ ਲਾਗਤ ਨਾਲ ਵਾਸ਼ਿੰਗ ਸਟੇਸ਼ਨ ਵੀ ਸਥਾਪਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਵਿੱਖ ‘ਚ ਸਥਾਨਕ ਲੋਕਾਂ ਨੂੰ ਨੌਕਰੀਆਂ ਵਿੱਚ ਪਹਿਲ ਦੇਣ ਦੀ ਵੀ ਹਾਮੀ ਭਰ ਦਿੱਤੀ ਹੈ ਅਤੇ ਧਰਨਾਕਾਰੀਆਂ ਦੀ ਮੰਗ ਅਨੁਸਾਰ ਸਰਕਾਰ ਨੇ ਕਾਨੂੰਨ ਦੀ ਉਲੰਘਣਾ ਲਈ ਫੈਕਟਰੀ ‘ਤੇ 25 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਤਾਂ ਹੁਣ ਧਰਨਾਕਾਰੀਆਂ ਨੂੰ ਆਪਣਾ ਧਰਨਾ ਖਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਝਗੜੇ ਨੂੰ ਜਲਦੀ ਹੱਲ ਕੀਤਾ ਜਾਵੇ।



Source link