ਮੁੰਬਈ, 11 ਦਸੰਬਰ
ਔਰਤਾਂ ਖ਼ਿਲਾਫ਼ ਅਪਰਾਧ ਨਾਲ ਲੜਨ ਲਈ ਕਾਇਮ ‘ਨਿਰਭਯਾ ਫੰਡ’ ਤਹਿਤ ਇਸ ਸਾਲ ਦੇ ਸ਼ੁਰੂ ਵਿਚ ਮੁੰਬਈ ਪੁਲੀਸ ਵੱਲੋਂ ਖ਼ਰੀਦੇ ਗਏ ਕੁਝ ਵਾਹਨਾਂ ਦੀ ਵਰਤੋਂ ਵਰਤਮਾਨ ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਗੁੱਟ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ‘ਵਾਈ-ਪਲੱਸ’ ਸੁਰੱਖਿਆ ਦੇਣ ਲਈ ਕੀਤੀ ਜਾ ਰਹੀ ਹੈ। ਇਕ ਪੁਲੀਸ ਅਧਿਕਾਰੀ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਸਾਲ ਮੁੰਬਈ ਪੁਲੀਸ ਨੇ ਜੂਨ ਵਿਚ ਫੰਡ ‘ਚੋਂ ਮਿਲੇ 30 ਕਰੋੜ ਰੁਪਏ 220 ਬੋਲੈਰੋ, 35 ਅਰਟੀਗਾ, 313 ਪਲਸਰ ਬਾਈਕ ਤੇ 220 ਐਕਟਿਵਾ ਖ਼ਰੀਦਣ ਲਈ ਵਰਤੇ ਸਨ। ਵਿਰੋਧੀ ਧਿਰ ਕਾਂਗਰਸ ਤੇ ਐੱਨਸੀਪੀ ਨੇ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਉਤੇ ਹਮਲਾ ਕਰਦਿਆਂ ਪੁੱਛਿਆ ਕਿ ਕੀ ਸੱਤਾਧਾਰੀ ਵਿਧਾਇਕਾਂ ਦੀ ਸੁਰੱਖਿਆ ਮਹਿਲਾਵਾਂ ਦੀ ਸੁਰੱਖਿਆ ਨਾਲੋਂ ਵੱਧ ਮਹੱਤਵਪੂਰਨ ਹੈ। ਮਹਿਲਾ ਸੁਰੱਖਿਆ ਨਾਲ ਜੁੜੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਕੇਂਦਰ ਵੱਲੋਂ 2013 ਤੋਂ ਰਾਜ ਸਰਕਾਰਾਂ ਨੂੰ ‘ਨਿਰਭਯਾ’ ਫੰਡ ਦਿੱਤਾ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਜੂਨ ਵਿਚ ਵਾਹਨਾਂ ਦੀ ਖ਼ਰੀਦ ਤੋਂ ਬਾਅਦ ਉਨ੍ਹਾਂ ਨੂੰ ਜੁਲਾਈ ਵਿਚ ਸਾਰੇ 97 ਪੁਲੀਸ ਥਾਣਿਆਂ, ਸਾਈਬਰ, ਟਰੈਫਿਕ ਤੇ ਹੋਰ ਪੁਲੀਸ ਇਕਾਈਆਂ ਵਿਚ ਵੰਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 47 ਬੋਲੈਰੋ ਮੁੰਬਈ ਪੁਲੀਸ ਦੇ ਮੋਟਰ ਟਰਾਂਸਪੋਰਟ ਵਿਭਾਗ ਵੱਲੋਂ ਸੂਬਾ ਪੁਲੀਸ ਦੇ ਵੀਆਈਪੀ ਸੁਰੱਖਿਆ ਸੈਕਸ਼ਨ ਦੇ ਇਕ ਹੁਕਮ ਤੋਂ ਬਾਅਦ ਕਈ ਪੁਲੀਸ ਥਾਣਿਆਂ ਵਿਚੋਂ ਮੰਗੇ ਗਏ ਸਨ, ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਸ਼ਿੰਦੇ ਗੁੱਟ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ‘ਵਾਈ-ਪਲੱਸ’ ਸੁਰੱਖਿਆ ਮੁਹੱਈਆ ਕਰਾਉਣ ਲਈ ਇਨ੍ਹਾਂ ਵਾਹਨਾਂ ਦੀ ਜ਼ਰੂਰਤ ਹੈ।’ ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਦੀ ਸੁਰੱਖਿਆ ਲਈ ਇਸਤੇਮਾਲ ਕੀਤੇ ਗਏ ਵਾਹਨਾਂ ਵਿਚੋਂ 17 ਵਾਹਨਾਂ ਨੂੰ ਲੋੜ ਪੂਰੀ ਹੋਣ ਤੋਂ ਬਾਅਦ ਪੁਲੀਸ ਥਾਣਿਆਂ ਵਿਚ ਵਾਪਸ ਵੀ ਕਰ ਦਿੱਤਾ ਗਿਆ। ਪਰ 30 ਬੋਲੈਰੋ ਹਾਲੇ ਤੱਕ ਵਾਪਸ ਨਹੀਂ ਆਈਆਂ ਹਨ। ਇਸ ਨਾਲ ਸਬੰਧਤ ਥਾਣਿਆਂ ਵਿਚ ਪੁਲੀਸ ਦੀ ਗਸ਼ਤ ਉਤੇ ਅਸਰ ਪਿਆ ਹੈ। ਕਾਂਗਰਸ ਦੇ ਤਰਜਮਾਨ ਸਚਿਨ ਸਾਵੰਤ ਨੇ ਕਿਹਾ ਕਿ ਨਿਰਭਯਾ ਫੰਡ ਦਾ ਇਸਤੇਮਾਲ ਵਿਧਾਇਕਾਂ ਦੀ ਸੁਰੱਖਿਆ ਲਈ ਕੀਤਾ ਜਾਣਾ ਅਪਮਾਨਜਨਕ ਹੈ। ਐੱਨਸੀਪੀ ਨੇ ਇਸ ਨੂੰ ਸੱਤਾ ਦੀ ਬੇਸ਼ਰਮੀ ਨਾਲ ਕੀਤੀ ਜਾ ਰਹੀ ਦੁਰਵਰਤੋਂ ਕਰਾਰ ਦਿੱਤਾ। -ਪੀਟੀਆਈ