ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਦਸੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਾਰਤਇੰਦਰ ਸਿੰਘ ਚਾਹਲ ਖ਼ਿਲਾਫ਼ ਜਾਂਚ ਵਿੱਢਦਿਆਂ ਉਸ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਹਨ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਜੀਲੈਂਸ ਚਾਹਲ ਦੀਆਂ ਜਾਇਦਾਦਾਂ ਦੀ ਕੀਮਤ ਦਾ ਪਤਾ ਲਗਾ ਰਹੀ ਹੈ। ਚਾਹਲ ਦੇ ਜੇਲ੍ਹ ਰੋਡ ‘ਤੇ ਮਿੰਨੀ ਸਕੱਤਰੇਤ ਦੇ ਨਜ਼ਦੀਕ ਸਥਿਤ ਮਾਲ ਗਰੈਂਡ ਰੀਗੇਲ ਨਾਮਕ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਸ ‘ਤੇ ਕਿੰਨੀ ਰਕਮ ਖਰਚ ਹੋਈ ਹੈ। ਵਿਜੀਲੈਂਸ ਦੀ ਟੀਮ ਇਸ ਤੋਂ ਪਹਿਲਾਂ ਸਰਹਿੰਦ ਰੋਡ ‘ਤੇ ਸਥਿਤ ਅਲਕਾਜ਼ਾਰ ਨਾਮਕ ਪੈਲੇਸ ‘ਤੇ ਵੀ ਗਈ ਸੀ, ਪਰ ਉਥੇ ਤਾਲਾ ਲੱਗਿਆ ਹੋਇਆ ਸੀ। ਟੀਮ ਦੀ ਅਗਵਾਈ ਵਿਜੀਲੈਂਸ ਦੇ ਡੀਐੱਸਪੀ ਸਤਪਾਲ ਸ਼ਰਮਾ ਕਰ ਰਹੇ ਹਨ। ਮੁਹਾਲੀ ਤੋਂ ਸੁਰੇਸ਼ ਕੁਮਾਰ ਦੀ ਅਗਵਾਈ ਵਿੱਚ ਟੈਕਨੀਕਲ ਟੀਮ ਵੀ ਪੁੱਜੀ ਹੋਈ ਹੈ। ਜ਼ਿਕਰਯੋਗ ਹੈ ਕਿ ਭਾਰਤਇੰਦਰ ਚਾਹਲ 2017-21 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸਨ। ਉਹ ਕੈਪਟਨ ਅਮਰਿੰਦਰ ਦੇ ਨਾਲ ਜੁਲਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।