ਇੰਦੌਰ: ਅਦਾਕਾਰ ਮਨੋਜ ਬਾਜਪਾਈ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ਅਦਾਕਾਰ ਅਤੇ ਫਿਲਮ ਆਲੋਚਕ ਕਮਲ ਰਾਸ਼ਿਦ ਖਾਨ (ਕੇਆਰਕੇ) ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਇੰਦੌਰ ਬੈਂਚ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਬਾਜਪਾਈ ਨੇ ਮੁਕੱਦਮੇ ‘ਚ ਦੋਸ਼ ਲਾਇਆ ਹੈ ਕਿ ਕੇਆਰਕੇ ਨੇ 26 ਜੁਲਾਈ 2021 ਨੂੰ ਉਸ ਦੇ ਅਕਸ ਨੂੰ ਢਾਹ ਲਾਉਣ ਦੇ ਇਰਾਦੇ ਨਾਲ ਟਵੀਟ ਕੀਤੇ ਸਨ। ਖਾਨ ਨੇ ਇੰਦੌਰ ਜ਼ਿਲ੍ਹਾ ਅਦਾਲਤ ਵਿੱਚ ਬਾਜਪਾਈ ਵੱਲੋਂ ਦਾਇਰ ਕੇਸ ਰੱਦ ਕਰਨ ਦੀ ਮੰਗ ਕੀਤੀ ਸੀ ਪਰ ਜਸਟਿਸ ਸਤੇਂਦਰ ਕੁਮਾਰ ਸਿੰਘ ਨੇ 13 ਦਸੰਬਰ ਨੂੰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਆਰਕੇ ਵੱਲੋਂ ਦਾਇਰ ਪਟੀਸ਼ਨ ਨੂੰ ਜ਼ਾਬਤਾ ਫ਼ੌਜਦਾਰੀ ਦੀ ਧਾਰਾ 482 ਤਹਿਤ ਖਾਰਜ ਕਰ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਕਿ ਇਹ ਟਵੀਟ ਬਾਜਪਾਈ ਦੇ ਅਕਸ ਵੱਲ ਇਸ਼ਾਰਾ ਕਰਦੇ ਹਨ। ਹਾਲਾਂਕਿ ਇਹ ਟਵੀਟ ਅਕਸ ਖਰਾਬ ਕਰਨ ਦੇ ਇਰਾਦੇ ਨਾਲ ਕੀਤੇ ਗਏ ਸਨ ਜਾਂ ਨਹੀਂ, ਇਸ ਬਾਰੇ ਪਤਾ ਕਰਨਾ ਇਸ ਅਦਾਲਤ ਦੇ ਅਧਿਕਾਰ ਖੇਤਰ ਅਧੀਨ ਨਹੀਂ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ 2023 ਨੂੰ ਹੋਵੇਗੀ। -ਪੀਟੀਆਈ