ਐੱਨਆਈਏ ਵੱਲੋਂ ਜੰਮੂ ਕਸ਼ਮੀਰ ਵਿੱਚ 14 ਥਾਵਾਂ ’ਤੇ ਛਾਪੇ

ਐੱਨਆਈਏ ਵੱਲੋਂ ਜੰਮੂ ਕਸ਼ਮੀਰ ਵਿੱਚ 14 ਥਾਵਾਂ ’ਤੇ ਛਾਪੇ


ਜੰਮੂ, 23 ਦਸੰਬਰ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਜੰਮੂ ਕਸ਼ਮੀਰ ਵਿਚ 14 ਥਾਵਾਂ ਉਤੇ ਛਾਪੇ ਮਾਰੇ ਹਨ। ਇਹ ਛਾਪੇ ਪਾਬੰਦੀ ਅਧੀਨ ਵੱਖ-ਵੱਖ ਜਥੇਬੰਦੀਆਂ ਦੀਆਂ ਅਤਿਵਾਦੀ ਗਤੀਵਿਧੀਆਂ ਨਾਲ ਸਬੰਧਤ ਹਨ। ਛਾਪੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 14 ਥਾਵਾਂ ਉਤੇ ਮਾਰੇ ਗਏ ਹਨ ਜਿਨ੍ਹਾਂ ਵਿਚ ਜੰਮੂ, ਕੁਲਗਾਮ, ਪੁਲਵਾਮਾ, ਅਨੰਤਨਾਗ ਤੇ ਸੋਪੋਰ (ਬਾਰਾਮੂਲਾ) ਸ਼ਾਮਲ ਹਨ। ਕੇਂਦਰੀ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੰਮੂ ਵਿਚ ਐੱਨਆਈਏ ਪੁਲੀਸ ਸਟੇਸ਼ਨ ਨੇ 21 ਜੂਨ ਨੂੰ ਇਕ ਕੇਸ ਦਰਜ ਕੀਤਾ ਸੀ। ਇਹ ਛਾਪੇ ਉਸ ਕੇਸ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਤੇ ਉਨ੍ਹਾਂ ਦੀਆਂ ਸ਼ਾਖਾਵਾਂ ਰਾਹੀਂ ਕਈ ਨਾਵਾਂ ਤਹਿਤ ਕੀਤੀਆਂ ਜਾ ਰਹੀਆਂ ਦਹਿਸ਼ਤੀ ਕਾਰਵਾਈਆਂ ਅਪਰਾਧਕ ਸਾਜ਼ਿਸ਼ ਦਾ ਹਿੱਸਾ ਹਨ। ਇਹ ਗਤੀਵਿਧੀਆਂ ਉਹ ‘ਪਾਕਿਸਤਾਨ ਵਿਚ ਬੈਠੇ ਕਮਾਂਡਰਾਂ ਤੇ ਹੈਂਡਲਰਾਂ ਦੇ ਕਹਿਣ ਉਤੇ ਕਰ ਰਹੇ ਹਨ।’ ਇਨ੍ਹਾਂ ਵਿਚ ਉਨ੍ਹਾਂ ਦੇ ਕਈ ਕੇਡਰ ਤੇ ਓਵਰਗਰਾਊਂਡ ਵਰਕਰ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਾਈਬਰ-ਸਪੇਸ ਦੀ ਵਰਤੋਂ ਕਰ ਕੇ ਅਤਿਵਾਦੀ ਹਮਲੇ ਕੀਤੇ ਗਏ ਹਨ। ਇਨ੍ਹਾਂ ਸਾਜ਼ਿਸ਼ਾਂ ਵਿਚ ਸ਼ਾਮਲ ਲੋਕ ਘੱਟਗਿਣਤੀਆਂ, ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਛਾਪਿਆਂ ਦੌਰਾਨ ਇਤਰਾਜ਼ਯੋਗ ਸਮੱਗਰੀ ਜਿਵੇਂ ਕਿ ਡਿਜੀਟਲ ਉਪਕਰਨ, ਸਿਮ ਕਾਰਡ ਤੇ ਡਿਜੀਟਲ ਸਟੋਰੇਜ ਟੂਲ ਆਦਿ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ



Source link