ਕੁਲਦੀਪ ਸਿੰਘ
ਚੰਡੀਗੜ੍ਹ, 25 ਦਸੰਬਰ
ਅਫ਼ਗਾਨਿਸਤਾਨ ਦੇ 100 ਦੇ ਕਰੀਬ ਅਫ਼ਗਾਨ ਵਿਦਿਆਰਥੀਆਂ ਅਤੇ ਵਾਲੰਟੀਅਰਾਂ ਨੇ ਅਫ਼ਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਅੱਜ ਇੱਥੇ ਸੈਕਟਰ 17 ਸਥਿਤ ਪਲਾਜ਼ਾ ਵਿੱਚ ਤਾਲਿਬਾਨ ਸਰਕਾਰ ਖਿਲਾਫ਼ ਰੋਸ ਰੈਲੀ ਕੱਢੀ।
ਰੈਲੀ ਵਿੱਚ ਸ਼ਾਮਿਲ ਵਿਦਿਆਰਥੀਆਂ ਅਤੇ ਵਾਲੰਟੀਅਰਾਂ ਨੇ ਅਫ਼ਗਾਨ ਔਰਤਾਂ ਜਿਨ੍ਹਾਂ ਨੂੰ ਤਾਲਿਬਾਨ ਸਰਕਾਰ ਨੇ ਉਨ੍ਹਾਂ ਦੇ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਜਿਉਣ ਤੋਂ ਰੋਕਿਆ ਹੋਇਆ ਹੈ, ਨਾਲ ਇਕਜੁੱਟਤਾ ਪ੍ਰਗਟਾਈ। ਹੱਥਾਂ ਵਿੱਚ ਮੋਮਬੱਤੀਆਂ ਅਤੇ ਬੈਨਰਾਂ ਰਾਹੀਂ ਅਫਗਾਨ ਲੋਕਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਵਾਲੇ ਤਖ਼ਤੀਆਂ ਨਾਲ, ਯੁਵਸੱਤਾ ਵਾਲੰਟੀਅਰ ਲੜਕੀਆਂ ਅਤੇ ਔਰਤਾਂ ਨੇ ਅਫ਼ਗਾਨਿਸਤਾਨ ਦੀਆਂ ਲੜਕੀਆਂ ਅਤੇ ਔਰਤਾਂ ਲਈ ਸ਼ਾਨਦਾਰ ਦਿਨ ਵਾਪਸ ਲਿਆਉਣ ਲਈ ਗੁਲਾਬੀ ਪੱਗਾਂ ਪਹਿਨੀਆਂ। ਅਫ਼ਗਾਨਿਸਤਾਨ ਵਿੱਚ ਦਿਨੋਂ-ਦਿਨ ਵਿਗੜ ਰਹੇ ਹਾਲਾਤ ‘ਤੇ ਚਿੰਤਾ ਪ੍ਰਗਟਾਉਂਦਿਆਂ ਚੰਡੀਗੜ੍ਹ ਦੀ ਅਫ਼ਗਾਨ ਸਟੂਡੈਂਟਸ ਯੂਨੀਅਨ ਦੇ ਕਨਵੀਨਰ ਅਬਦੁਲ ਮੋਨੀਰ ਕੱਕੜ ਨੇ ਕਿਹਾ ਕਿ ਯੂਨੀਅਨ ਅਫ਼ਗਾਨਿਸਤਾਨ ਵਿੱਚ ਕੁੜੀਆਂ ਅਤੇ ਇਸਤਰੀਆਂ ਪ੍ਰਤੀ ਤਾਲਿਬਾਨ ਵੱਲੋਂ ਐਲਾਨੇ ਗਏ ਉਸ ਤਾਜ਼ਾ ਫੈਸਲੇ ਦੀ ਨਿੰਦਾ ਕਰਦੀ ਹੈ ਜਿਸ ਨਾਲ ਅਫਗਾਨਿਸਤਾਨ ਦੀ ਔਰਤ ਨੂੰ ਉਨ੍ਹਾਂ ਦੇ ਸਿੱਖਿਆ ਵਰਗੇ ਬੁਨਿਆਦੀ ਮਨੁੱਖੀ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ। ਇਸ ਖੇਤਰ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਲੜਕੀਆਂ ਅਤੇ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਉਤਸ਼ਾਹਿਤ ਕਰਨ ਵਾਲੀ ਐਨ.ਜੀ.ਓ. ਯੁਵਸੱਤਾ ਦੇ ਕੋਆਰਡੀਨੇਟਰ ਪ੍ਰਮੋਦ ਸ਼ਰਮਾ ਨੇ ਕਿਹਾ ਕਿ ਭਾਰਤੀ ਅਤੇ ਅਫ਼ਗਾਨ ਲੋਕ ਪੁਰਾਣੇ ਸਮੇਂ ਤੋਂ ਪੁਰਾਣੀ ਦੋਸਤੀ ਅਤੇ ਭਾਈਚਾਰਕ ਸਾਂਝ ਦਾ ਆਨੰਦ ਮਾਣਦੇ ਹਨ। ਇਸ ਦੁਖਦਾਈ ਸਮੇਂ ਵਿੱਚ ਉਹ ਲਿੰਗ ਸਮਾਨਤਾ ਅਤੇ ਵਿਸ਼ਵ ਸ਼ਾਂਤੀ ਦੇ ਆਪਣੇ ਉਦੇਸ਼ ਨੂੰ ਅੱਗੇ ਵਧਾਉਣ ਲਈ ਆਪਣੇ ਅਫ਼ਗਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਗੇ। ਚੰਡੀਗੜ੍ਹ ਦੀ ਅਫ਼ਗਾਨ ਸਟੂਡੈਂਟਸ ਯੂਨੀਅਨ ਦੇ ਕਨਵੀਨਰ ਅਬਦੁਲ ਮੋਨੀਰ ਕੱਕੜ ਨੇ ਇਸਲਾਮਿਕ ਸਿੱਖਿਆ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਲੰਬੇ ਸਮੇਂ ਤੱਕ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਅਣਡਿੱਠ ਕੀਤਾ ਜਾਂਦਾ ਹੈ ਤਾਂ ਇਹ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਜਾਵੇਗਾ।