ਭੜਕਾਊ ਟਿੱਪਣੀ ਦੇ ਦੋਸ਼ ਹੇਠ ਪ੍ਰੱਗਿਆ ਠਾਕੁਰ ਖ਼ਿਲਾਫ਼ ਸ਼ਿਕਾਇਤ ਦਰਜ

ਭੜਕਾਊ ਟਿੱਪਣੀ ਦੇ ਦੋਸ਼ ਹੇਠ ਪ੍ਰੱਗਿਆ ਠਾਕੁਰ ਖ਼ਿਲਾਫ਼ ਸ਼ਿਕਾਇਤ ਦਰਜ


ਬੰਗਲੁਰੂ, 27 ਦਸੰਬਰ

ਕੁਝ ਦਿਨ ਪਹਿਲਾਂ ਕਰਨਾਟਕ ‘ਚ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਭੜਕਾਊ ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਹੇਠ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ ਖ਼ਿਲਾਫ਼ ਪੁਲੀਸ ਨੇ ਅੱਜ ਇੱਕ ਸ਼ਿਕਾਇਤ ਦਰਜ ਕੀਤੀ ਹੈ।

ਇਹ ਸ਼ਿਕਾਇਤ ਸਿਆਸੀ ਵਿਸ਼ਲੇਸ਼ਕ ਤਹਿਸੀਨ ਪੂਨਾਵਾਲਾ ਨੇ ਸੋਸ਼ਲ ਮੀਡੀਆ ਰਾਹੀਂ ਸ਼ਿਵਮੋਗਾ ਦੇ ਐੱਸਪੀ ਜੀਕੇ ਮਿਥੁਨ ਕੁਮਾਰ ਕੋਲ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੀ ਕਾਪੀ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਵੀ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਲੰਘੇ ਐਤਵਾਰ ਸ਼ਿਗਮੋਗਾ ਸ਼ਹਿਰ ‘ਚ ਹਿੰਦੂ ਜਾਗਰਣ ਵੇਦਿਕਾ ਦੀ ਸਾਲਾਨਾ ਕਨਵੈਨਸ਼ਨ ‘ਚ ਸ਼ਮੂਲੀਅਤ ਕੀਤੀ ਸੀ। ਉਹ ਇੱਥੇ ਬਜਰੰਗ ਦਲ ਦੀ ਕਾਰਕੁਨ ਹਰਸ਼ਾ ਦੇ ਘਰ ਵੀ ਗਈ ਸੀ ਜਿਸ ਨੂੰ ਹਿਜਾਬ ਖ਼ਿਲਾਫ਼ ਮੁਹਿੰਮ ਚਲਾਉਣ ਕਾਰਨ ਮਾਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸੰਸਦ ਮੈਂਬਰ ਨੇ ਸਮਾਗਮ ਦੌਰਾਨ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਬਹੁਤ ਹੀ ਇਤਰਾਜ਼ਯੋਗ ਤੇ ਅਪਮਾਨ ਭਰੀ ਟਿੱਪਣੀ ਕੀਤੀ ਸੀ। ਪ੍ਰੱਗਿਆ ਠਾਕੁਰ ਨੇ ਇੱਥੇ ਹਿੰਦੂਆਂ ਨੂੰ ਆਪਣੀ ਲੜਕੀਆਂ ਦੀ ਹਿਫਾਜ਼ਤ ਕਰਨ ਤੇ ਘਰਾਂ ‘ਚ ਹਥਿਆਰ ਰੱਖਣ ਲਈ ਕਿਹਾ ਸੀ। ਉਨ੍ਹਾਂ ਕਿਹਾ, ‘ਆਪਣੇ ਘਰਾਂ ‘ਚ ਹਥਿਆਰ ਰੱਖੋ। ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਚਾਕੂ ਤਿੱਖੇ ਕਰ ਕੇ ਰੱਖੋ। ਜੇ ਕੋਈ ਸਾਡੇ ਘਰ ਵੜ ਕੇ ਸਾਡੇ ‘ਤੇ ਹਮਲਾ ਕਰਦਾ ਹੈ ਤਾਂ ਜਵਾਬ ਦੇਣਾ ਸਾਡਾ ਅਧਿਕਾਰ ਹੈ।’ ਸ਼ਿਕਾਇਤਕਰਤਾ ਨੇ ਕਿਹਾ ਕਿ ਪ੍ਰੱਗਿਆ ਠਾਕੁਰ ਨੇ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਹਥਿਆਰਾਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। -ਆਈਏਐੱਨਐੱਸ

ਪ੍ਰੱਗਿਆ ਠਾਕੁਰ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਹੋਵੇ: ਕਾਂਗਰਸ

ਭੋਪਾਲ: ਮੱਧ ਪ੍ਰਦੇਸ਼ ਕਾਂਗਰਸ ਨੇ ਮੰਗ ਕੀਤੀ ਕਿ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੇ ਘਰਾਂ ‘ਚ ਚਾਕੂਆਂ ਦੀ ਧਾਰ ਤਿੱਖੀ ਰੱਖਣ ਵਾਲੇ ਬਿਆਨ ਲਈ ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ ਜਦਕਿ ਭਾਜਪਾ ਨੇ ਬਚਾਅ ਕਰਦਿਆਂ ਕਿਹਾ ਕਿ ਇਹ ਬਿਆਨ ਮਹਿਲਾਵਾਂ ਦੀ ਆਤਮਰੱਖਿਆ ਲਈ ਦਿੱਤਾ ਗਿਆ ਸੀ। ਮੱਧ ਪ੍ਰਦੇਸ਼ ਕਾਂਗਰਸ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਕੇਕੇ ਮਿਸ਼ਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਠਾਕੁਰ ਖ਼ਿਲਾਫ਼ ਹੁਣ ਦੇਸ਼ਧ੍ਰੋਹ ਦਾ ਕੇਸ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਹਿੰਸਾ ਲਈ ਉਤਸ਼ਾਹਿਤ ਕੀਤਾ ਹੈ। ਦੂਜੇ ਪਾਸੇ ਮੱਧ ਪ੍ਰਦੇਸ਼ ਭਾਜਪਾ ਦੇ ਤਰਜਮਾਨ ਪੰਕਜ ਚਤੁਰਵੇਦੀ ਨੇ ਦੱਸਿਆ ਕਿ ਪ੍ਰਗਿਆ ਠਾਕੁਰ ਇੱਕ ਲੜਕੀ ਦੇ ਪਰਿਵਾਰ ਨੂੰ ਮਿਲਣ ਗਈ ਸੀ ਜਿਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਠਾਕੁਰ ਦਾ ਬਿਆਨ ਕਿਸੇ ਧਰਮ ਨਾਲ ਸਬੰਧਤ ਨਹੀਂ ਹੈ ਬਲਕਿ ਆਤਮਰੱਖਿਆ ਲਈ ਸਾਰੀਆਂ ਭੈਣਾਂ ਤੇ ਧੀਆਂ ਦੀ ਮਾਨਸਿਕ ਸ਼ਕਤੀ ਨਾਲ ਸਬੰਧਤ ਹੈ। -ਪੀਟੀਆਈ

ਪ੍ਰੱਗਿਆ ਠਾਕੁਰ ਦੀ ਟਿੱਪਣੀ ਤੋਂ ਕੋਈ ਹੈਰਾਨੀ ਨਹੀਂ: ਮਹਿਬੂਬਾ

ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਦੇ ਉਸ ਬਿਆਨ ‘ਤੇ ਹੈਰਾਨੀ ਨਹੀਂ ਹੋਈ ਜਿਸ ‘ਚ ਉਨ੍ਹਾਂ ਕਰਨਾਟਕ ਦੇ ਹਿੰਦੂਆਂ ਨੂੰ ਕਿਸੇ ਹਮਲੇ ਦਾ ਜਵਾਬ ਦੇਣ ਲਈ ਘੱਟ ਤੋਂ ਘੱਟ ਸਬਜ਼ੀ ਕੱਟਣ ਵਾਲੇ ਚਾਕੂ ਦੀ ਧਾਰ ਤੇਜ਼ ਰੱਖਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਵੱਲੋਂ ਮੁਸਲਮਾਨਾਂ ਦੇ ਕਤਲੇਆਮ ਤੇ ਆਪਣੇ ਹਮਾਇਤੀਆਂ ਨੂੰ ਚਾਕੂ ਰੱਖਣ ਦਾ ਸੱਦਾ ਦੇਣ ਤੋਂ ਹੈਰਾਨ ਨਹੀਂ ਹਨ। ਪੀਡੀਪੀ ਪ੍ਰਧਾਨ ਨੇ ਟਵੀਟ ਕੀਤਾ, ‘ਕਸ਼ਮੀਰ ‘ਚ ਸੱਚ ਬੋਲਣਾ ਹੀ ਯੂਏਪੀਏ ਨੂੰ ਸੱਦਾ ਦਿੰਦਾ ਹੈ ਜਦਕਿ ਭਾਰਤ ਸਰਕਾਰ ਉਨ੍ਹਾਂ (ਪ੍ਰੱਗਿਆ) ਦੇ ਬਿਆਨ ਨੂੰ ਨਜ਼ਰਅੰਦਾਜ਼ ਕਰ ਦੇਵੇਗੀ ਕਿਉਂਕਿ ਅਜਿਹਾ ਕਰਨਾ ਉਸ ਦੇ ਵੋਟ ਬੈਂਕ ਅਨੁਸਾਰ ਢੁੱਕਵਾਂ ਹੋਵੇਗਾ।’ -ਪੀਟੀਆਈ



Source link