ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜਨਵਰੀ
ਇਥੋਂ ਦੇ ਓਲਡ ਏਜ ਨਰਸਿੰਗ ਹੋਮ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਦੋ ਬਿਰਧਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਬਿਰਧਾਂ ਦੀ ਪਛਾਣ ਕੰਚਨ ਅਰੋੜਾ (86) ਤੇ ਕਮਲ (92) ਵਜੋਂ ਹੋਈ ਹੈ। ਇਸੇ ਦੌਰਾਨ 13 ਬਜ਼ੁਰਗਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਦਿੱਲੀ ਪੁਲੀਸ ਨੇ ਦੱਸਿਆ ਕਿ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼-2 ਵਿੱਚ ਐਤਵਾਰ ਸਵੇਰੇ ਅੰਤਰਾ ਕੇਅਰ ਹੋਮ ਵਿੱਚ ਅੱਗ ਲੱਗ ਗਈ। ਇਸੇ ਦੌਰਾਨ ਛੇ ਬਜ਼ੁਰਗਾਂ ਨੂੰ ਪੁਲੀਸ ਅਤੇ ਫਾਇਰ ਬ੍ਰਿਗੇਡ ਨੇ ਬਚਾਅ ਲਿਆ। ਦਿੱਲੀ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਵੇਰੇ 5 ਵਜੇ ਇਮਾਰਤ ਦੀ ਤੀਜੀ ਮੰਜ਼ਿਲ ਵਿੱਚ ਲੱਗੀ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਸੂਚਨਾ ਸਵੇਰੇ 5.30 ਵਜੇ ਮਿਲੀ।
ਪੁਲੀਸ ਦੇ ਡਿਪਟੀ ਕਮਿਸ਼ਨਰ (ਦੱਖਣੀ) ਚੰਦਨ ਚੌਧਰੀ ਨੇ ਦੱਸਿਆ ਕਿ ਸੀਆਰ ਪਾਰਕ ਪੁਲੀਸ ਸਟੇਸ਼ਨ ਨੂੰ ਜਦੋਂ ਘਟਨਾ ਬਾਰੇ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅਤੇ ਕੈਟ ਐਂਬੂਲੈਂਸ ਮੌਕੇ ‘ਤੇ ਪਹੁੰਚਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਕ ਸੀਨੀਅਰ ਸਿਟੀਜ਼ਨ ਨੂੰ ਮੈਕਸ ਹਸਪਤਾਲ, ਸਾਕੇਤ ਦਾਖਲ ਕਰਵਾਇਆ ਗਿਆ ਤੇ 12 ਬਜ਼ੁਰਗਾਂ ਨੂੰ ਓਖਲਾ ਸਥਿਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਅੱਗ ਬੁਝਾਉਣ ਤੋਂ ਬਾਅਦ ਤੀਜੀ ਮੰਜ਼ਿਲ ਤੋਂ ਦੋ ਲਾਸ਼ਾਂ ਮਿਲੀਆਂ। ਇਮਾਰਤ ਵਿੱਚ ਅੱਗ ਬੁਝਾਉਣ ਦੀ ਕਾਰਵਾਈ ਘੱਟੋ-ਘੱਟ 30 ਮਿੰਟ ਜਾਰੀ ਰਹੀ। ਘਟਨਾ ਵਾਲੀ ਥਾਂ ‘ਤੇ ਫੋਰੈਸਿਕ ਮਾਹਿਰ ਪਹੁੰਚ ਗਏ ਹਨ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀਸੀਪੀ ਚੌਧਰੀ ਨੇ ਕਿਹਾ ਕਿ ਅੰਤਰਾ ਕੇਅਰ ਹੋਮ ਦੇ ਅਧਿਕਾਰੀਆਂ ਨੇ ਘਟਨਾ ਬਾਰੇ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਮਹਿਲਾ ਕਮਿਸ਼ਨ ਵੱਲੋਂ ਦਿੱਲੀ ਪੁਲੀਸ ਨੂੰ ਨੋਟਿਸ
ਨਵੀਂ ਦਿੱਲੀ: ਓਲਡ ਏਜ ਹੋਮ ਵਿੱਚ ਅੱਗ ਲੱਗਣ ਕਾਰਨ ਦੋ ਬਿਰਧਾਂ ਦੀ ਹੋਈ ਮੌਤ ਬਾਰੇ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਇਸ ਘਟਨਾ ਦੇ ਵੇਰਵਿਆਂ ਬਾਰੇ ਪੁਲੀਸ ਤੋਂ ਰਿਪੋਰਟ ਤਲਬ ਕੀਤੀ ਹੈ। ਇਹ ਰਿਪੋਰਟ 6 ਜਨਵਰੀ ਤੋਂ ਪਹਿਲਾਂ ਦੇਣ ਲਈ ਕਿਹਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਇਕ ਗੰਭੀਰ ਤੇ ਦੁਖਦਾਈ ਘਟਨਾ ਹੈ। ਕਮਿਸ਼ਨ ਨੇ ਇਸ ਘਟਨਾ ਸਬੰਧੀ ਦਰਜ ਕੀਤੇ ਗਏ ਪਰਚੇ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਵੇਰਵੇ ਮੰਗੇ ਹਨ। ਨੋਟਿਸ ਵਿੱਚ ਇਹ ਵੀ ਪੁੱਛਿਆ ਗਿਆ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ। ਜੇਕਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਇਸ ਦਾ ਕਾਰਨ ਦੱਸਿਆ ਜਾਵੇ। ਇਸੇ ਦੌਰਾਨ ਇਹ ਵੀ ਪੱਛਿਆ ਗਿਆ ਹੈ ਕਿ ਓਲਡ ਏਜ ਹੋਮ ਨੇ ਸੋਸ਼ਲ ਵੈੱਲਫੇਅਰ ਵਿਭਾਗ ਜਾਂ ਗ੍ਰਹਿ ਵਿਭਾਗ ਤੋਂ ਲਾਇਸੈਂਸ ਲਿਆ ਹੋਇਆ ਹੈ ਜਾਂ ਨਹੀਂ। -ਆਈਏਐੱਨਐੱਸ