ਪੈਰਿਸ, 11 ਜਨਵਰੀ
ਪੈਰਿਸ ਦੇ ਰੇਲਵੇ ਸਟੇਸ਼ਨ ‘ਤੇ ਅੱਜ ਇਕ ਵਿਅਕਤੀ ਨੇ ਚਾਕੂ ਮਾਰ ਕੇ ਛੇ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ। ਬੁੱਧਵਾਰ ਸਵੇਰੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ। ਹਮਲਾਵਰ ਦੇ ਪੁਲੀਸ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ। ਸਥਾਨਕ ਪ੍ਰਸ਼ਾਸਨ ਮੁਤਾਬਕ ਵਿਅਕਤੀ ਨੇ ਯਾਤਰੀਆਂ ‘ਤੇ ਸਵੇਰੇ ਸਟੇਸ਼ਨ ਦੇ ਦਾਖਲਾ ਗੇਟ ਅਤੇ ਅੰਦਰ ਜਾ ਕੇ ਹਮਲਾ ਕੀਤਾ। ਸਟੇਸ਼ਨ ਉਤੇ ਮੌਜੂਦ ਡਿਊਟੀ ਤੋਂ ਵਾਪਸ ਆ ਰਹੇ ਪੁਲੀਸ ਅਧਿਕਾਰੀਆਂ ਨੇ ਹਮਲਾਵਰ ਨੂੰ ਤਿੰਨ ਗੋਲੀਆਂ ਮਾਰੀਆਂ ਹਨ। ਇਹ ਘਟਨਾ ਗਾਰੇ ਡੂ ਨੌਰਡ ਸਟੇਸ਼ਨ ਉਤੇ ਵਾਪਰੀ ਹੈ ਜੋ ਕਿ ਯੂਰੋਪ ਦੇ ਸਭ ਤੋਂ ਵੱਧ ਸਰਗਰਮੀ ਵਾਲੇ ਸਟੇਸ਼ਨਾਂ ਵਿਚੋਂ ਇਕ ਹੈ। ਇੱਥੇ ਯੂਰੋਸਟਾਰ ਰੇਲ ਗੱਡੀਆਂ ਲੰਡਨ ਤੋਂ ਵੀ ਆਉਂਦੀਆਂ ਹਨ ਤੇ ਇਹ ਉੱਤਰੀ ਯੂਰੋਪ ਵੱਲ ਜਾਣ ਦਾ ਮੁੱਖ ਸਟੇਸ਼ਨ ਹੈ। ਘਟਨਾ ਦੀ ਅਤਿਵਾਦੀ ਹਮਲੇ ਦੇ ਪੱਖ ਤੋਂ ਵੀ ਜਾਂਚ ਹੋ ਰਹੀ ਹੈ। ਹਮਲਾਵਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ। ਵੇਰਵਿਆਂ ਮੁਤਾਬਕ ਹਮਲਾਵਰ ਨੇ ਲੋਕਾਂ ਨੂੰ ਚਾਕੂ ਮਾਰਨ ਵੇਲੇ ਕੋਈ ਸ਼ਬਦ ਨਹੀਂ ਬੋਲਿਆ ਤੇ ਉਸ ਕੋਲ ਕੋਈ ਆਈਡੀ ਵੀ ਨਹੀਂ ਸੀ। ਜ਼ਖ਼ਮੀਆਂ ਵਿਚ ਇਕ ਪੁਲੀਸ ਕਰਮੀ ਵੀ ਸ਼ਾਮਲ ਹੈ। ਹਮਲੇ ਤੋਂ ਬਾਅਦ ਪੁਲੀਸ ਨੇ ਥਾਂ ਨੂੰ ਸੀਲ ਕਰ ਦਿੱਤਾ। ਸਟੇਸ਼ਨ ਉਤੇ ਰੇਲਗੱਡੀਆਂ ਦੀ ਆਵਾਜਾਈ ਜਾਰੀ ਹੈ। ਇਸੇ ਸਟੇਸ਼ਨ ਉਤੇ ਫਰਵਰੀ 2022 ਵਿਚ ਵੀ ਪੁਲੀਸ ਨੇ ਚਾਕੂ ਨਾਲ ਹਮਲਾ ਕਰਨ ਵਾਲੇ ਇਕ ਵਿਅਕਤੀ ਨੂੰ ਹਲਾਕ ਕੀਤਾ ਸੀ। -ਰਾਇਟਰਜ਼