ਉਪ ਰਾਸ਼ਟਰਪਤੀ ਦੇ ਵਿਚਾਰ ਨਿਆਂ ਪਾਲਿਕਾ ’ਤੇ ਹਮਲਾ: ਕਾਂਗਰਸ

ਉਪ ਰਾਸ਼ਟਰਪਤੀ ਦੇ ਵਿਚਾਰ ਨਿਆਂ ਪਾਲਿਕਾ ’ਤੇ ਹਮਲਾ: ਕਾਂਗਰਸ


ਨਵੀਂ ਦਿੱਲੀ, 12 ਜਨਵਰੀ

ਕਾਂਗਰਸ ਨੇ ਅੱਜ ਰਾਜ ਸਭਾ ਦੇ ਚੇਅਰਮੈਨ ਤੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ 1973 ਦੇ ਕੇਸ਼ਵਨੰਦ ਭਾਰਤੀ ਕੇਸ ‘ਚ ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਸਵਾਲ ਉਠਾਏ ਜਾਣ ਨੂੰ ਨਿਆਂ ਪਾਲਿਕਾ ‘ਤੇ ਹਮਲਾ ਕਰਾਰ ਦਿੱਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਸੰਸਦ ਵਜੋਂ ਮੈਂ 18 ਸਾਲਾਂ ਵਿੱਚ ਕਦੀ ਵੀ ਕਿਸੇ ਨੂੰ ਨਹੀਂ ਸੁਣਿਆ ਕਿ ਉਸ ਨੇ ਸੁਪਰੀਮ ਕੋਰਟ ਦੇ ਕੇਸ਼ਵਨੰਦ ਭਾਰਤੀ ਕੇਸ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੋਵੇ। ਅਸਲ ਵਿੱਚ ਅਰੁਣ ਜੇਤਲੀ ਜਿਹੇ ਭਾਜਪਾ ਦੇ ਕਈ ਕਾਨੂੰਨੀ ਮਾਹਿਰਾਂ ਨੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਮੀਲ ਪੱਥਰ ਦੱਸਿਆ ਸੀ। ਹੁਣ ਜਦੋਂ ਰਾਜ ਸਭਾ ਦੇ ਚੇਅਰਮੈਨ ਕਹਿੰਦੇ ਹਨ ਕਿ ਇਹ ਫ਼ੈਸਲਾ ਗਲਤ ਹੈ। ਇਹ ਨਿਆਂ ਪਾਲਿਕਾ ‘ਤੇ ਹਮਲੇ ਦੀ ਤਰ੍ਹਾਂ ਹੈ।’ ਉਨ੍ਹਾਂ ਕਿਹਾ ਕਿ ਵੱਖੋ-ਵੱਖਰੇ ਵਿਚਾਰ ਹੋਣੇ ਅਲੱਗ ਗੱਲ ਹੈ ਪਰ ਉਪ ਰਾਸ਼ਟਰਪਤੀ ਸੁਪਰੀਮ ਕੋਰਟ ਨਾਲ ਟਕਰਾਅ ਨੂੰ ਵੱਖਰੇ ਪੱਧਰ ‘ਤੇ ਲੈ ਗਏ ਹਨ। ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਧਨਖੜ ਦੀ ਟਿੱਪਣੀ ਮਗਰੋਂ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਭਵਿੱਖ ਦੇ ਖਤਰਿਆਂ ਨੂੰ ਲੈ ਚੌਕਸ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਟਵੀਟ ਕੀਤਾ, ‘ਰਾਜ ਸਭਾ ਦੇ ਚੇਅਰਮੈਨ ਜਦੋਂ ਇਹ ਕਹਿੰਦੇ ਹਨ ਕਿ ਸੰਸਦ ਸਭ ਤੋਂ ਸਰਵਉੱਚ ਹੈ ਤਾਂ ਉਹ ਗਲਤ ਹਨ। ਸੰਵਿਧਾਨ ਸਰਵਉੱਚ ਹੈ। ਉਸ ਫ਼ੈਸਲੇ (ਕੇਸ਼ਵਨੰਦ ਭਾਰਤੀ) ਨੂੰ ਲੈ ਕੇ ਬੁਨਿਆਦ ਇਹ ਸੀ ਕਿ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ‘ਤੇ ਬਹੁਗਿਣਤੀਵਾਦ ਆਧਾਰਿਤ ਹਮਲੇ ਨੂੰ ਰੋਕਿਆ ਜਾ ਸਕੇ।’ ਚਿਦੰਬਰਮ ਨੇ ਕਿਹਾ, ‘ਅਸਲ ਵਿੱਚ ਉੱਪ ਰਾਸ਼ਟਰਪਤੀ ਦੇ ਵਿਚਾਰ ਸੁਣਨ ਮਗਰੋਂ ਹਰ ਸੰਵਿਧਾਨ ਪ੍ਰੇਮੀ ਨਾਗਰਿਕ ਨੂੰ ਆਉਣ ਵਾਲੇ ਖਤਰਿਆਂ ਨੂੰ ਲੈ ਚੌਕਸ ਹੋ ਜਾਣਾ ਚਾਹੀਦਾ ਹੈ।’ -ਪੀਟੀਆਈ



Source link