ਸ਼ਾਹਬਾਜ਼ ਨੂੰ ਆਈਐੱਮਐੱਫ ਨਾਲ ਜਲਦੀ ਸਮਝੌਤੇ ਦੀ ਆਸ

ਸ਼ਾਹਬਾਜ਼ ਨੂੰ ਆਈਐੱਮਐੱਫ ਨਾਲ ਜਲਦੀ ਸਮਝੌਤੇ ਦੀ ਆਸ


ਇਸਲਾਮਾਬਾਦ, 27 ਜਨਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਤਿ-ਲੋੜੀਂਦੇ ਵਿਦੇਸ਼ ਕਰਜ਼ਿਆਂ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਜਲਦੀ ਹੀ ਆਈਐੱਮਐੱਫ ਨਾਲ ਸਮਝੌਤਾ ਹੋਣ ਦੀ ਆਸ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਈਐੱਮਐੱਫ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਇਸ ਦੇਸ਼ ਵਿੱਚ ਆਪਣਾ ਸਟਾਫ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਸ਼ਰੀਫ ਵੱਲੋਂ ਇਹ ਟਿੱਪਣੀ ਅੱਜ ਕੀਤੀ ਗਈ ਹੈ ਕਿਉਂਕਿ ਦੇਸ਼ ਦਾ ਅਰਥਚਾਰਾ ਇਸ ਵੇਲੇ ਕਾਫੀ ਚਿੰਤਾਜਨਕ ਸਥਿਤੀ ਵਿੱਚ ਹੈ। ਇਸ ਦਾ ਵਿਦੇਸ਼ੀ ਮੁਦਰਾ ਫੰਡ ਘੱਟ ਕੇ ਸਿਰਫ 3.7 ਅਰਬ ਅਮਰੀਕੀ ਡਾਲਰ ਰਹਿ ਗਿਆ ਹੈ ਜੋ ਕਿ ਮਾਹਿਰਾਂ ਮੁਤਾਬਕ ਇਕ ਚਿੰਤਾ ਵਾਲਾ ਪੱਧਰ ਹੈ।

ਇੱਥੇ ਗਰੀਨ ਲਾਈਨ ਰੇਲ ਸੇਵਾ ਦੇ ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ਼ਰੀਫ ਨੇ ਕਿਹਾ, ” ਮੈਨੂੰ ਪੂਰੀ ਆਸ ਹੈ ਕਿ ਆਈਐੱਮਐੱਫ ਨਾਲ ਇਸ ਮਹੀਨੇ ਇਕ ਸਮਝੌਤੇ ‘ਤੇ ਹਸਤਾਖਰ ਹੋ ਜਾਣਗੇ ਅਤੇ ਅਸੀਂ ਇਨ੍ਹਾਂ ਮੁਸ਼ਕਲਾਂ ਵਿੱਚੋਂ ਬਾਹਰ ਨਿਕਲ ਆਵਾਂਗੇ। ਅਤੇ ਬਹੁਪੱਖੀ ਸੰਸਥਾਵਾਂ ਵੀ ਸਾਨੂੰ ਸਹਿਯੋਗ ਦੇਣਗੀਆਂ।” ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਤਕਰੀਬਨ ਚਾਰ ਮਹੀਨਿਆਂ ਤੋਂ ਪੈਂਡਿੰਗ ਚੱਲ ਰਹੇ ਇਕ ਫੰਡਿੰਗ ਪ੍ਰੋਗਰਾਮ ਦੀ ਨੌਵੀਂ ਤਿਮਾਹੀ ਸਮੀਖਿਆ ਲਈ ਲਈ ਉਸ ਵੱਲੋਂ 31 ਜਨਵਰੀ ਨੂੰ ਆਪਣਾ ਇਕ ਸਟਾਫ ਮਿਸ਼ਨ ਪਾਕਿਸਤਾਨ ਭੇਜਿਆ ਜਾਵੇਗਾ। -ਪੀਟੀਆਈ

ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪੱਈਆ ਮੁੱਧੇ ਮੂੰਹ ਡਿੱਗਿਆ

ਕਰਾਚੀ: ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਰੁਪਏ ਦੀ ਕੀਮਤ ਅੱਜ ਡਾਲਰ ਦੇ ਮੁਕਾਬਲੇ ਘੱਟ ਕੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ। ਅੱਜ ਅੰਤਰ ਬੈਂਕ ਤੇ ਖੁੱਲ੍ਹੇ ਬਾਜ਼ਾਰ ਵਿੱਚ ਪਾਕਿਸਤਾਨੀ ਰੁਪੱਈਆ, ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ 262.6 ‘ਤੇ ਬੰਦ ਹੋਇਆ। ਅੱਜ ਇਕ ਵਾਰ ਤਾਂ ਖੁੱਲ੍ਹੇ ਬਾਜ਼ਾਰ ਵਿੱਚ ਪਾਕਿਸਤਾਨੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਘਟ ਕੇ 265 ਅਤੇ ਅੰਤਰ ਬੈਂਕ ਵਿੱਚ 266 ਤੱਕ ਪਹੁੰਚ ਗਈ ਸੀ। ਉਪਰੰਤ ਦਿਨ ਦੇ ਅਖੀਰ ਤੱਕ ਕੁਝ ਸੁਧਾਰ ਨਾਲ ਡਾਲਰ ਦੇ ਮੁਕਾਬਲੇ ਇਹ 262.6 ‘ਤੇ ਬੰਦ ਹੋਇਆ। ਪਾਕਿਸਤਾਨ ਸਟੇਟ ਬੈਂਕ ਅਨੁਸਾਰ ਅੱਜ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਪਾਕਿਸਤਾਨੀ ਰੁਪਏ ਦੀ ਕੀਮਤ ਵਿੱਚ 7.17 ਰੁਪਏ ਜਾਂ 2.73 ਫੀਸਦ ਦਾ ਨਿਘਾਰ ਦਰਜ ਕੀਤਾ ਗਿਆ। -ਪੀਟੀਆਈ

ਪਾਕਿਸਤਾਨ ਦੀ ਖੁਸ਼ਹਾਲੀ ਤੇ ਵਿਕਾਸ ਲਈ ਅੱਲ੍ਹਾ ਜ਼ਿੰਮੇਵਾਰ: ਇਸਹਾਕ ਡਾਰ

ਇਸਲਾਮਾਬਾਦ: ਵਿੱਤ ਮੰਤਰੀ ਇਸਹਾਕ ਡਾਰ ਨੇ ਅੱਜ ਕਿਹਾ ਕਿ ਪਾਕਿਸਤਾਨ ਇਕੱਲਾ ਅਜਿਹਾ ਮੁਲਕ ਹੈ ਜਿਸ ਦੀ ਸਥਾਪਨਾ ਇਸਲਾਮ ਦੇ ਨਾਂ ‘ਤੇ ਹੋਈ ਸੀ ਅਤੇ ਇਸ ਦੇ ਵਿਕਾਸ ਤੇ ਖੁਸ਼ਹਾਲੀ ਲਈ ਅੱਲ੍ਹਾ ਜ਼ਿੰਮੇਵਾਰ ਹੈ। ਇੱਥੇ ਗਰੀਨ ਲਾਈਨ ਐਕਸਪ੍ਰੈੱਸ ਰੇਲ ਸੇਵਾ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੀਨੀਅਰ ਆਗੂ ਡਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਾਕਿਸਤਾਨ ਤਰੱਕੀ ਕਰੇਗਾ ਕਿਉਂਕਿ ਇਹ ਮੁਲਕ ਇਸਲਾਮ ਦੇ ਨਾਂ ‘ਤੇ ਬਣਾਇਆ ਗਿਆ ਸੀ। -ਪੀਟੀਆਈSource link