ਨੌਕਰੀ ਦੀ ਮੰਗ: ਮੁੱਖ ਮੰਤਰੀ ਦੀ ਕੋਠੀ ਨੇੜੇ ਡਟਿਆ ਜੈਤੋ ਵਾਸੀ

ਨੌਕਰੀ ਦੀ ਮੰਗ: ਮੁੱਖ ਮੰਤਰੀ ਦੀ ਕੋਠੀ ਨੇੜੇ ਡਟਿਆ ਜੈਤੋ ਵਾਸੀ


ਗੁਰਦੀਪ ਸਿੰਘ ਲਾਲੀ

ਸੰਗਰੂਰ, 31 ਜਨਵਰੀ

ਕਰੀਬ ਦੋ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਆਂਗਣਵਾੜੀ ਹੈਲਪਰ ਪਤਨੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ‘ਤੇ ਆਪਣੀ ਧੀ ਨੂੰ ਨੌਕਰੀ ਦਿਵਾਉਣ ਲਈ ਜੈਤੋ ਵਾਸੀ ਮੁੱਖ ਮੰਤਰੀ ਦੀ ਕੋਠੀ ਨੇੜੇ ਅੱਠ ਦਿਨਾਂ ਤੋਂ ਅਣਮਿਥੇ ਸਮੇਂ ਲਈ ਧਰਨੇ ‘ਤੇ ਬੈਠਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਸੇ ਨੁਮਾਇੰਦੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਅਜੇ ਤੱਕ ਉਸ ਦੀ ਸਾਰ ਤੱਕ ਨਹੀਂ ਲਈ। ਮੁੱਖ ਮੰਤਰੀ ਦੀ ਕੋਠੀ ਨੇੜੇ ਕੌਮੀ ਹਾਈਵੇਅ ਦੇ ਪੁਲ ਹੇਠਾਂ ਬੈਠੇ ਪੀੜਤ ਡਾਲ ਚੰਦ ਪਵਾਰ ਵਾਸੀ ਜੈਤੋ ਜ਼ਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਉਸ ਦੀ ਪਤਨੀ ਕਾਂਤਾ ਰਾਣੀ ਆਂਗਣਵਾੜੀ ਹੈਲਪਰ ਸੀ, ਜਿਸ ਦੀ ਖਸਤਾ ਹਾਲ ਸੜਕਾਂ ਦੀ ਬਦੌਲਤ 27 ਅਕਤੂਬਰ 2020 ਨੂੰ ਇੱਕ ਹਾਦਸੇ ‘ਚ ਮੌਤ ਹੋ ਗਈ ਸੀ। ਪਿਛਲੇ ਕਰੀਬ ਦੋ ਸਾਲ ਤੋਂ ਉਹ ਆਪਣੀ ਪਤਨੀ ਦੀ ਜਗ੍ਹਾ ਤਰਸ ਦੇ ਆਧਾਰ ‘ਤੇ ਆਪਣੀ ਗਰੈਜੂਏਟ ਧੀ ਲਈ ਨੌਕਰੀ ਅਤੇ ਆਰਥਿਕ ਮਦਦ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਉਹ ਡਿਪਟੀ ਕਮਿਸ਼ਨਰ ਫ਼ਰੀਦਕੋਟ, ਬਾਲ ਵਿਕਾਸ ਪ੍ਰਾਜੈਕਟ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਲਿਖਤੀ ਮੰਗ ਪੱਤਰ ਵੀ ਸੌਂਪ ਚੁੱਕਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ, ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਕੋਲ ਵੀ ਗੁਹਾਰ ਲਗਾ ਚੁੱਕਿਆ ਹੈ ਪਰ ਆਮ ਆਦਮੀ ਦੀ ਸਰਕਾਰ ਨੇ ਇੱਕ ਗਰੀਬ ਆਮ ਆਦਮੀ ਦੀ ਫਰਿਆਦ ਨਹੀਂ ਸੁਣੀ। ਉਸ ਨੇ ਮੰਗ ਕੀਤੀ ਹੈ ਕਿ ਉਸ ਦੀ ਧੀ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਅਤੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ, ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਰੋਸ ਧਰਨੇ ‘ਤੇ ਡਟਿਆ ਰਹੇਗਾ।



Source link