ਤਾਇਪੇ, 1 ਫਰਵਰੀ
ਚੀਨ ਵੱਲੋਂ ਤਾਇਵਾਨ ਨੇੜੇ ਵੱਡੇ ਪੱਧਰ ‘ਤੇ ਸੈਨਿਕ ਅਪਰੇਸ਼ਨ ਕਰਨ ‘ਤੇ ਟਾਪੂ ਮੁਲਕ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਚੀਨ ਦੇ 34 ਫ਼ੌਜੀ ਜਹਾਜ਼ਾਂ ਤੇ ਨੌਂ ਸਮੁੰਦਰੀ ਜੰਗੀ ਜਹਾਜ਼ਾਂ ਨੇ ਅੱਜ ਤਾਇਵਾਨ ਨੇੜੇ ਉਡਾਣ ਭਰੀ ਤੇ ਗਸ਼ਤ ਕੀਤੀ। ਅਜਿਹਾ ਕਰ ਕੇ ਚੀਨ ਅਸਲ ਵਿਚ ਲੋਕਤੰਤਰਿਕ ਢੰਗ ਨਾਲ ਚੱਲ ਰਹੇ ਖ਼ੁਦਮੁਖਤਿਆਰ ਟਾਪੂ ਮੁਲਕ ਨੂੰ ਡਰਾਉਣਾ-ਧਮਕਾਉਣਾ ਚਾਹੁੰਦਾ ਹੈ। ਜਵਾਬੀ ਕਾਰਵਾਈ ਵਿਚ ਤਾਇਵਾਨ ਦੇ ਲੜਾਕੂ ਜਹਾਜ਼ਾਂ ਨੇ ਵੀ ਉਡਾਣ ਭਰੀ, ਉਨ੍ਹਾਂ ਆਪਣੀ ਜਲ ਸੈਨਾ ਨੂੰ ਚੌਕਸ ਕੀਤਾ ਤੇ ਮਿਜ਼ਾਈਲ ਪ੍ਰਣਾਲੀ ਚਾਲੂ ਕਰ ਦਿੱਤੀ। ਚੀਨ ਸੰਭਾਵੀ ਤੌਰ ‘ਤੇ ਸਮੁੰਦਰੀ ਰਾਸਤਾ ਬੰਦ ਕਰਨ ਤੇ ਤਾਇਵਾਨ ‘ਤੇ ਸਿੱਧਾ ਹਮਲਾ ਬੋਲਣ ਦੀ ਤਿਆਰੀ ਕਰ ਰਿਹਾ ਹੈ। ਚੀਨ ਵੱਲੋਂ ਵੱਡੇ ਪੱਧਰ ‘ਤੇ ਸੈਨਾ ਨੂੰ ਤਾਇਨਾਤ ਕਰਨ ‘ਤੇ ਅਮਰੀਕਾ ਦੇ ਸੈਨਾ ਅਧਿਕਾਰੀ ਵੀ ਚਿੰਤਾ ਜ਼ਾਹਿਰ ਕਰ ਰਹੇ ਹਨ ਜੋ ਕਿ ਤਾਇਵਾਨ ਦਾ ਸਹਿਯੋਗੀ ਹੈ। ਪਿਛਲੇ ਮਹੀਨੇ ਇਕ ਮੀਮੋ ਜਾਰੀ ਕਰ ਕੇ ਅਮਰੀਕੀ ਏਅਰ ਫੋਰਸ ਦੇ ਜਨਰਲ ਮਾਈਕ ਮਿਨੀਹੈਨ ਨੇ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ ਕਿ ਤਾਇਵਾਨ ‘ਤੇ 2025 ਵਿਚ ਅਮਰੀਕਾ ਤੇ ਚੀਨ ਵਿਚਾਲੇ ਟਕਰਾਅ ਹੋ ਸਕਦਾ ਹੈ। ਮਿਨੀਹੈਨ ਚੀਨ ਦੇ ਫ਼ੌਜੀ ਢਾਂਚੇ ਬਾਰੇ ਡੂੰਘੀ ਜਾਣਕਾਰੀ ਰੱਖਦੇ ਹਨ ਤੇ ਏਅਰ ਮੋਬਿਲਟੀ ਕਮਾਂਡ ਦੇ ਮੁਖੀ ਹਨ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ 20 ਚੀਨੀ ਜਹਾਜ਼ ਤਾਇਵਾਨ ਜਲ ਖੇਤਰ ਦੇ ਬਿਲਕੁਲ ਨੇੜਿਓਂ ਲੰਘੇ ਹਨ।
ਚੀਨੀ ਜਹਾਜ਼ਾਂ ਨੇ ਅਣਅਧਿਕਾਰਤ ਬਫ਼ਰ ਜ਼ੋਨ ਵਿਚੋਂ ਉਡਾਣ ਭਰੀ ਹੈ। ਚੀਨ ਲਗਭਗ ਹੁਣ ਹਰ ਰੋਜ਼ ਸਮੁੰਦਰੀ ਜੰਗੀ ਜਹਾਜ਼ਾਂ, ਬੰਬਾਰ ਤੇ ਲੜਾਕੂ ਜਹਾਜ਼ਾਂ ਨੂੰ ਤਾਇਵਾਨ ਨੇੜੇ ਉਡਾ ਰਿਹਾ ਹੈ। -ਏਪੀ