ਖੇਤਰੀ ਪ੍ਰਤੀਨਿਧ
ਪਟਿਆਲਾ, 12 ਫਰਵਰੀ
ਸਥਾਨਕ ਜੇਲ੍ਹ ਰੋਡ ‘ਤੇ ਦਸ ਤੇ ਗਿਆਰਾਂ ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਸਾਈਕਲ ਸਵਾਰ ਨੌਜਵਾਨ ਦਾ ਸਿਰ ਹੀ ਧੜ ਨਾਲੋਂ ਵੱਖ ਹੋ ਗਿਆ ਸੀ ਜਿਸ ਮਗਰੋਂ ਮ੍ਰਿਤਕ ਦੇ ਧੜ ਨੂੰ ਹਸਪਤਾਲ ‘ਚ ਰਖਵਾ ਕੇ ਪੁਲੀਸ ਅਤੇ ਵਾਰਸ ਸਿਰ ਦੀ ਤਲਾਸ਼ ਕਰਦੇ ਰਹੇ ਪਰ ਅੱਜ ਤੀਜੇ ਦਿਨ ਵੀ ਸਿਰ ਨਾ ਲੱਭ ਸਕਿਆ ਤਾਂ ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਦੀ ਸਹਿਮਤੀ ਨਾਲ ਧੜ ਦਾ ਪੋਸਟਮਾਰਟਮ ਮਗਰੋਂ ਅੱਜ ਸਸਕਾਰ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਤਫੱਜਲਪੁਰਾ ਵਾਸੀ ਨੌਜਵਾਨ ਨਵਦੀਪ ਕੁਮਾਰ ਵਿਆਹ ਸ਼ਾਦੀਆਂ ‘ਚ ਕੌਫੀ ਬਣਾਉਣ ਦਾ ਕੰਮ ਕਰਦਾ ਸੀ। ਉਸ ਰਾਤ ਵੀ ਜਦੋਂ ਉਹ ਇੱਕ ਮੈਰਿਜ ਪੈਲੇਸ ਵਿਚੋਂ ਘਰ ਪਰਤ ਰਿਹਾ ਸੀ ਤਾਂ ਇੱਥੇ ਜੇਲ੍ਹ ਰੋਡ ‘ਤੇ ਇੱਕ ਤੇਜ਼ ਰਫਤਾਰ ਸਕਾਰਪੀਓ ਦੀ ਲਪੇਟ ‘ਚ ਆ ਗਿਆ ਜਿਸ ਦੌਰਾਨ ਉਸ ਦਾ ਸਿਰ ਹੀ ਧੜ ਨਾਲੋਂ ਵੱਖ ਹੋ ਗਿਆ। ਸਕਾਰਪੀਓ ਸਵਾਰਾਂ ਦੀ ਗ੍ਰਿਫ਼ਤਾਰੀ ਮਗਰੋਂ ਹੀ ਸਾਰਾ ਮਾਮਲਾ ਸਪੱਸ਼ਟ ਹੋ ਸਕੇਗਾ। ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਹਾਲੇ ਤਕ ਮ੍ਰਿਤਕ ਦਾ ਸਿਰ ਨਹੀਂ ਮਿਲਿਆ। ਇਸ ਸਬੰਧੀ ਮ੍ਰਿਤਕ ਦੇ ਭਰਾ ਸੰਜੀਵ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਸਬੰਧਤ ਸਕਾਰਪੀਓ ਚਾਲਕ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਉਂਜ ਮ੍ਰਿਤਕ ਦੇ ਵਾਰਸਾਂ ਵੱਲੋਂ ਦੋਸ਼ ਲਾਏ ਗਏ ਸਨ ਕਿ ਬਾਅਦ ‘ਚ ਗੱਡੀ ਸਵਾਰਾਂ ਨੇ ਹੀ ਇਹ ਸਿਰ ਇੱਧਰ-ਉੱਧਰ ਕਰ ਦਿੱਤਾ। ਪਰ ਇਹ ਗੱਲ ਅੱਜ ਤੀਜੇ ਦਿਨ ਤੱਕ ਵੀ ਭੇਤ ਬਣੀ ਰਹੀ।