ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 16 ਫ਼ਰਵਰੀ
ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਸ਼ੁਰੂ ਕੀਤੇ ਯਤਨਾਂ ਦੀ ਕੜੀ ਤਹਿਤ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵੱਲੋਂ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਐੱਨਐੱਸਐੱਸ ਅਤੇ ਸਕਾਊਟਸ ਤੇ ਗਾਈਡਜ਼ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਬਾਰੇ ਚੇਤਨਾ ਰੈਲੀ ਕੱਢੀ ਗਈ, ਜਿਸ ਨੂੰ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸਮੀਰ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਮਾਂ ਬੋਲੀ ਦੇ ਸਲੋਗਨ ਵਾਲੀਆਂ ਤਖ਼ਤੀਆਂ ਹੱਥਾਂ ਵਿੱਚ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਦੁਕਾਨਦਾਰਾਂ ਤੇ ਨਿੱਜੀ ਅਦਾਰਿਆਂ ਨੂੰ ਉਨ੍ਹਾਂ ਦੇ ਦਰਵਾਜ਼ਿਆਂ ‘ਤੇ ਜਾ ਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਮੁੱਖਤਾ ਦੇਣ ਦੀ ਅਪੀਲ ਕੀਤੀ। ਜਿਨ੍ਹਾਂ ਅਦਾਰਿਆਂ ਅਤੇ ਦੁਕਾਨਾਂ ਦੇ ਨਾਮ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਸਨ ਉਨ੍ਹਾਂ ਨੂੰ 21 ਫ਼ਰਵਰੀ ਤੱਕ ਆਪਣੇ ਬੋਰਡ ਪੰਜਾਬੀ ਵਿੱਚ ਲਗਵਾਉਣ ਦੀ ਅਪੀਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਜਗਜੀਤ ਸਿੰਘ ਨੇ ਦੱਸਿਆ ਕਿ ਰੈਲੀ ਦਾ ਮਨੋਰਥ ਜਨ-ਸਧਾਰਨ ਵਿੱਚ ਪੰਜਾਬੀ ਮਾਂ ਬੋਲੀ ਬਾਰੇ ਚੇਤਨਾ ਫ਼ੈਲਾਉਣਾ ਸੀ ਤਾਂ ਜੋ ਹਰ ਵਿਅਕਤੀ ਆਪਣੀ ਮਾਂ ਬੋਲੀ ਦੀ ਮਹੱਤਤਾ ਤੋਂ ਜਾਣੂ ਹੋ ਸਕੇ।