ਕਰਾਚੀ ’ਚ ਪੁਲੀਸ ਮੁਖੀ ਦੇ ਦਫ਼ਤਰ ’ਤੇ ਦਹਿਸ਼ਤੀ ਹਮਲਾ

ਕਰਾਚੀ ’ਚ ਪੁਲੀਸ ਮੁਖੀ ਦੇ ਦਫ਼ਤਰ ’ਤੇ ਦਹਿਸ਼ਤੀ ਹਮਲਾ


ਕਰਾਚੀ, 17 ਫਰਵਰੀ

ਪਾਕਿਸਤਾਨ ਦੇ ਸਭ ਤੋਂ ਭੀੜ ਭੜੱਕੇ ਵਾਲੇ ਸ਼ਹਿਰ ਕਰਾਚੀ ਵਿੱਚ ਅੱਜ ਅਣਪਛਾਤੇ ਹਥਿਆਰਬੰਦ ਦਹਿਸ਼ਤਗਰਦਾਂ ਨੇ ਪੁਲੀਸ ਮੁਖੀ ਦੇ ਦਫ਼ਤਰ ‘ਤੇ ਹਮਲਾ ਕਰ ਦਿੱਤਾ। ਇਮਾਰਤ ਦੀ ਸੁਰੱਖਿਆ ਲਈ ਤਾਇਨਾਤ ਨੀਮ ਫੌਜੀ ਬਲ ਦੇ ਰੇਂਜਰਾਂ ਤੇ ਪੁਲੀਸ ਬਲਾਂ ਨੇ ਹਮਲਾਵਰਾਂ ਦਰਮਿਆਨ ਦੁਵੱਲੀ ਫਾਇਰਿੰਗ ਹੋਈ। ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਤਾਲਿਬਾਨ ਨੇ ਲਈ ਹੈ। ਹਮਲੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚ ਦੋ ਹਮਲਾਵਰ ਤੇ ਦੋ ਹੋਰ ਵਿਅਕਤੀ ਸ਼ਾਮਲ ਹਨ। ਸੂਤਰਾਂ ਨੇ ਕਿਹਾ ਕਿ ਹਮਲੇ ਵਿੱਚ ਸ਼ਾਮਲ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਹਾਲਾਂਕਿ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਮਾਰਤ ਵਿੱਚ ਮੌਜੂਦ ਹਮਲਾਵਰਾਂ ਦੀ ਗਿਣਤੀ 8 ਤੋਂ 10 ਹੋ ਸਕਦੀ ਹੈ। ਦਹਿਸ਼ਤਗਰਦਾਂ ਨੇ ਕਰਾਚੀ ਪੁਲੀਸ ਮੁਖੀ ਦੇ ਦਫ਼ਤਰ ਵਾਲੀ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੁੱਖ ਅਹਾਤੇ ਵਿੱਚ ਅੱਧੀ ਦਰਜਨ ਹੱਥਗੋਲੇ ਵੀ ਸੁੱਟੇ। ਪੁਲੀਸ ਦੇ ਇਕ ਸੂਤਰ ਨੇ ਕਿਹਾ, ”ਨੀਮ ਫੌਜੀ ਬਲਾਂ ਦੇ ਰੇਂਜਰਾਂ, ਪੁਲੀਸ ਤੇ ਹਮਲਾਵਰਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਜ਼ਿਲ੍ਹੇ ਤੇ ਖੇਤਰ ਦੀਆਂ ਸਾਰੀਆਂ ਮੋਬਾਈਲ ਵੈਨਾਂ ਨੂੰ ਮੌਕੇ ‘ਤੇ ਪੁੱਜਣ ਤੇ ਹਮਲਾਵਰਾਂ ਦੀ ਘੇਰਾਬੰਦੀ ਕਰਨ ਲਈ ਆਖਿਆ ਗਿਆ।” ਕਰਾਚੀ ਦੇ ਪੁਲੀਸ ਮੁਖੀ ਦਾ ਦਫਤਰ ਹਵਾਈ ਅੱਡੇ ਨੂੰ ਜਾਂਦੀ ਮੁੱਖ ਸੜਕ ਦੇ ਨੇੜੇ ਹੈ। -ਪੀਟੀਆਈ



Source link