ਆਤਿਸ਼ ਗੁਪਤਾ
ਚੰਡੀਗੜ੍ਹ, 23 ਫਰਵਰੀ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਸ਼ੁਰੂ ਹੋਈ ਤਕਰਾਰ ਖਤਮ ਨਹੀਂ ਹੋ ਰਹੀ। ਅੱਜ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਵਿਧਾਨ ਸਭਾ ਦਾ ਸੈਸ਼ਨ 3 ਮਾਰਚ ਤੋਂ ਸੱਦਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ। ਰਾਜਪਾਲ ਨੇ ਮੁੱਖ ਮੰਤਰੀ ਨੂੰ 13 ਫਰਵਰੀ ਨੂੰ ਭੇਜੇ ਪੱਤਰ ਦਾ ਜਵਾਬ ਟਵੀਟ ਰਾਹੀ ਦਿੱਤੇ ਜਾਣ ‘ਤੇ ਕਾਨੂੰਨੀ ਸਲਾਹ ਲੈਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਬਜਟ ਸੈਸ਼ਨ ਸੱਦਣ ਦੇ ਫ਼ੈਸਲੇ ‘ਤੇ ਮਨਜ਼ੂਰੀ ਦੇਣ ਬਾਰੇ ਕੋਈ ਫੈਸਲਾ ਕਰਨਗੇ।