ਜੀ20: ਭਾਰਤ ਦੀ ਅਗਵਾਈ ਨੂੰ ਸਫ਼ਲ ਬਣਾਉਣ ਲਈ ਹਰ ਕੋਸ਼ਿਸ਼ ਕਰੇਗਾ ਅਮਰੀਕਾ

ਜੀ20: ਭਾਰਤ ਦੀ ਅਗਵਾਈ ਨੂੰ ਸਫ਼ਲ ਬਣਾਉਣ ਲਈ ਹਰ ਕੋਸ਼ਿਸ਼ ਕਰੇਗਾ ਅਮਰੀਕਾ


ਵਾਸ਼ਿੰਗਟਨ, 25 ਫਰਵਰੀ

ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤ ਨੂੰ ਮਿਲੀ ਜੀ20 ਦੀ ਪ੍ਰਧਾਨਗੀ ਦੇ ਕਾਰਜਕਾਲ ਨੂੰ ਸਫ਼ਲ ਬਣਾਉਣ ਲਈ ਅਮਰੀਕਾ ਹਰ ਸੰਭਵ ਯਤਨ ਕਰਨ ਦਾ ਚਾਹਵਾਨ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਵੀਂ ਦਿੱਲੀ ‘ਚ ਅਗਲੇ ਹਫ਼ਤੇ ਹੋਣ ਵਾਲੀ ਗਰੁੱਪ ਦੇ ਵਿਦੇਸ਼ ਮੰਤਰੀਆਂ ਦੀ ਅਹਿਮ ਮੀਟਿੰਗ ਵਿਚ ਹਿੱਸਾ ਲੈਣਗੇ। ਬਲਿੰਕਨ ‘ਕੁਆਡ’ ਗੱਠਜੋੜ ਦੇ ਵਿਦੇਸ਼ ਮੰਤਰੀਆਂ ਨਾਲ ਵੀ ਬੈਠਕ ਕਰਨਗੇ ਤੇ ਆਪਣੇ ਭਾਰਤੀ ਹਮਰੁਤਬਾ ਨਾਲ ਦੁਵੱਲੀ ਗੱਲਬਾਤ ਕਰਨਗੇ। ਬਲਿੰਕਨ ਪਹਿਲੀ ਤੋਂ ਤਿੰਨ ਮਾਰਚ ਤੱਕ ਦਿੱਲੀ ‘ਚ ਹੋਣਗੇ। ਵਿਦੇਸ਼ ਮੰਤਰੀ ਦੇ ਸਹਾਇਕ ਰਾਮੀਨ ਟੋਲੂਈ (ਆਰਥਿਕ ਤੇ ਕਾਰੋਬਾਰੀ ਮਾਮਲੇ) ਨੇ ਕਿਹਾ, ‘ਸਾਡੇ ਅੱਗੇ ਕਈ ਸਾਂਝੀਆਂ ਚੁਣੌਤੀਆਂ ਹਨ, ਤੇ ਅਸੀਂ ਇਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਹੋਰਨਾਂ ਜੀ20 ਮੁਲਕਾਂ ਨਾਲ ਆਪਣੀ ਭਾਈਵਾਲੀ ਡੂੰਘੀ ਕਰਨੀ ਚਾਹੁੰਦੇ ਹਾਂ।’ ਦੱਖਣੀ ਤੇ ਕੇਂਦਰੀ ਏਸ਼ੀਆ ਲਈ ਵਿਦੇਸ਼ ਮੰਤਰਾਲੇ ਦੇ ਸਹਾਇਕ ਸਕੱਤਰ ਡੋਨਲਡ ਲੂ ਨੇ ਦੱਸਿਆ ਕਿ ਬਲਿੰਕਨ ਭਾਰਤ ਦੇ ਵਿਦੇਸ਼ ਮੰਤਰੀ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਰਣਨੀਤਕ ਭਾਈਵਾਲੀ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਹਾਲਾਂਕਿ ਗੱਲਬਾਤ ਜੀ20 ਵਿਚਲੇ ਏਸ਼ਿਆਈ ਕੁਆਡ ਵਿਚ ਮਿਲ ਕੇ ਕੰਮ ਕਰਨ ਉਤੇ ਕੇਂਦਰਿਤ ਹੋਵੇਗੀ। ਇਸ ਤੋਂ ਇਲਾਵਾ ਰੱਖਿਆ ਸਹਿਯੋਗ ਅਤੇ ਉੱਭਰਦੀਆਂ ਤਕਨੀਕਾਂ ਉਤੇ ਵੀ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਤਿੰਨ ਮਾਰਚ ਨੂੰ ਕੁਆਡ ਤਹਿਤ ਅਮਰੀਕਾ, ਭਾਰਤ, ਜਾਪਾਨ ਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀ ਮਿਲਣਗੇ। ਬਲਿੰਕਨ ‘ਰਾਇਸੀਨਾ ਡਾਇਲਾਗ’ ਦੀ ਇਕ ਪੈਨਲ ਚਰਚਾ ਦਾ ਵੀ ਹਿੱਸਾ ਹੋਣਗੇ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਕੁਆਡ ਮੁਲਕਾਂ ਦੇ ਵਿਦੇਸ਼ ਮੰਤਰੀ ਹਿੰਦ-ਪ੍ਰਸ਼ਾਂਤ ਵਿਚ ਤਾਲਮੇਲ ਮਜ਼ਬੂਤ ਕਰਨ ਤੇ ਠੋਸ ਕਾਰਵਾਈ ਉਤੇ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਕੁਝ ਸਮੇਂ ਤੋਂ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਕੁਆਡ ਗੱਠਜੋੜ ਇਸ ਖੇਤਰ ਨੂੰ ਆਵਾਜਾਈ ਲਈ ਖੁੱਲ੍ਹਾ ਰੱਖਣ ਤੇ ਹੋਰ ਪੱਖਾਂ ਉਤੇ ਜ਼ੋਰ ਦੇ ਰਿਹਾ ਹੈ। ਰਾਮੀਨ ਨੇ ਕਿਹਾ ਕਿ ਜੀ20 ਦਾ ਮੰਤਵ ਵਿਸ਼ਵ ਦੇ ਵੱਡੇ ਅਰਥਚਾਰਿਆਂ ਨੂੰ ਸਾਂਝੀਆਂ ਚੁਣੌਤੀਆਂ ਦੇ ਟਾਕਰੇ ਲਈ ਇਕ ਮੰਚ ਉਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਭੋਜਨ ਸੁਰੱਖਿਆ, ਊਰਜਾ ਤੇ ਸਿਹਤ ਸੁਰੱਖਿਆ, ਜਲਵਾਯੂ ਸੰਕਟ, ਵਿਕਾਸ ਤੇ ਮਨੁੱਖੀ ਚੁਣੌਤੀਆਂ ਵਰਗੇ ਮੁੱਦਿਆਂ ਉਤੇ ਚਰਚਾ ਕਰੇਗਾ। -ਪੀਟੀਆਈ



Source link