ਪ੍ਰਦੂਸ਼ਣ ਮਾਮਲਾ: ਅੰਬੂਜ਼ਾ ਸੀਮਿੰਟ ਫੈਕਟਰੀ ਤੇ ਥਰਮਲ ਪਲਾਂਟ ਨੂੰ ਚੱਲਦਾ ਰੱਖਣ ’ਤੇ ਜ਼ੋਰ

ਪ੍ਰਦੂਸ਼ਣ ਮਾਮਲਾ: ਅੰਬੂਜ਼ਾ ਸੀਮਿੰਟ ਫੈਕਟਰੀ ਤੇ ਥਰਮਲ ਪਲਾਂਟ ਨੂੰ ਚੱਲਦਾ ਰੱਖਣ ’ਤੇ ਜ਼ੋਰ


ਜਗਮੋਹਨ ਸਿੰਘ

ਘਨੌਲੀ, 28 ਫਰਵਰੀ

ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਨੂੰਹੋਂ ਮਾਰਕੀਟ ਸਾਹਮਣੇ ਇਲਾਕੇ ਦੇ ਲੋਕਾਂ ਵੱਲੋਂ ਜਨਤਕ ਇਕੱਠ ਸੱਦਿਆ ਗਿਆ। ਇਸ ਦੌਰਾਨ ਅੰਬੂਜ਼ਾ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਅਤੇ ਇਲਾਕੇ ਲਈ ਰੁਜ਼ਗਾਰ ਵਿਸ਼ੇ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਦੇ ਨੇੜਲੇ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਨੇ ਦੋਵੇਂ ਅਦਾਰਿਆਂ ਦੇ ਪ੍ਰਦੂਸ਼ਣ ਅਤੇ ਇਨ੍ਹਾਂ ਅਦਾਰਿਆਂ ਰਾਹੀਂ ਇਲਾਕੇ ਨੂੰ ਮਿਲ ਰਹੇ ਰੁਜ਼ਗਾਰ ਅਤੇ ਭਵਿੱਖ ਵਿੱਚ ਮਿਲਣ ਵਾਲੇ ਰੁਜ਼ਗਾਰ ਬਾਰੇ ਚਰਚਾ ਕੀਤੀ। ਪ੍ਰਬੰਧਕਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੋਵੇਂ ਅਦਾਰਿਆਂ ਨੂੰ ਪ੍ਰਦੂਸ਼ਣ ਸਬੰਧੀ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਅਦਾਰੇ ਕਿਸੇ ਵੀ ਸੂਰਤ ਵਿੱਚ ਬੰਦ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਜਿਸ ਤਰ੍ਹਾਂ ਡੀਸੀਐਮ ਫੈਕਟਰੀ ਦੇ ਮਾਲਕਾਂ ਵੱਲੋਂ ਯੂਨੀਅਨ ਆਗੂਆਂ ਦੀਆਂ ਮੰਗਾਂ ਮੰਨੇ ਜਾਣ ਦੇ ਬਾਵਜੂਦ ਧਰਨਾ ਨਾ ਚੁੱਕੇ ਜਾਣ ਕਾਰਨ ਫੈਕਟਰੀ ਬੰਦ ਕਰਨੀ ਪਈ, ਹੁਣ ਅੰਬੂਜ਼ਾ ਫੈਕਟਰੀ ਨੇੜੇ ਧਰਨਾ ਦੇ ਰਹੇ ਧਰਨਾਕਾਰੀ ਵੀ ਉਸੇ ਰਾਹ ‘ਤੇ ਤੁਰੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੰਬੂਜ਼ਾ ਸੀਮਿੰਟ ਫੈਕਟਰੀ ਦੀ ਮੈਨੇਜਮੈਂਟ ਵੱਲੋਂ ਧਰਨਾਕਾਰੀਆਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਹਨ। ਇਸ ਸਬੰਧੀ ਫੈਕਟਰੀ ਪ੍ਰਬੰਧਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਿਖਤੀ ਇਕਰਾਰਨਾਮਾ ਵੀ ਹੋ ਚੁੱਕਾ ਹੈ ਅਤੇ ਮੰਗਾਂ ਨੂੰ ਲਾਗੂ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਇਲਾਕੇ ਤੋਂ ਬਾਹਰਲੇ ਪਿੰਡਾਂ ਦੇ ਕੁੱਝ ਲੋਕ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਫੈਕਟਰੀ ਬੰਦ ਕਰਾਉਣ ਦੇ ਰਾਹ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਦੋਵੇਂ ਅਦਾਰਿਆਂ ਨੂੰ ਪ੍ਰਦੂਸ਼ਣ ਪੈਦਾ ਕਰਨ ਦੀ ਖੁੱਲ੍ਹ ਦਿੱਤੀ ਜਾਵੇ, ਪਰ ਅਦਾਰਿਆਂ ਨੂੰ ਬੰਦ ਕਰਾਉਣਾ ਵੀ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਮਾਹੌਲ ਸਿਰਜਣ ਜਿਸ ਨਾਲ ਦੋਵੇਂ ਅਦਾਰੇ ਵੀ ਚੱਲਦੇ ਰਹਿ ਸਕਣ ਅਤੇ ਇਲਾਕੇ ਦੇ ਲੋਕਾਂ ਨੂੰ ਵੀ ਇਨ੍ਹਾਂ ਅਦਾਰਿਆਂ ਰਾਹੀਂ ਰੁਜ਼ਗਾਰ ਮਿਲਦਾ ਰਹੇ। ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਅੰਦਰ ਖਣਨ ਦਾ ਧੰਦਾ ਪਹਿਲਾਂ ਹੀ ਠੱਪ ਹੋ ਚੁੱਕਾ ਹੈ ਅਤੇ ਲੋਕ ਨੇੜਲੇ ਜ਼ਿਲ੍ਹੇ ਸ਼ਹੀਦ ਭਗਤ ਨਗਰ ਵਿੱਚ ਪੈਂਦੀ ਡੀਸੀਐਮ ਫੈਕਟਰੀ ਬੰਦ ਹੋਣ ਦਾ ਸੰਤਾਪ ਹੰਢਾ ਰਹੇ ਹਨ। ਇਸ ਕਰ ਕੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪੰਡਾਲ ਵਿੱਚ ਹਾਜ਼ਰ ਲੋਕਾਂ ਤੋਂ ਫੈਕਟਰੀ ਬੰਦ ਕਰਨ ਜਾਂ ਚਾਲੂ ਰੱਖਣ ਸਬੰਧੀ ਸਹਿਮਤੀ ਵੀ ਪੁੱਛੀ ਗਈ। ਇਸ ‘ਤੇ ਫੈਕਟਰੀ ਬੰਦ ਕਰਵਾਉਣ ਦੇ ਪੱਖ ਵਿੱਚ ਕਿਸੇ ਨੇ ਹਾਮੀ ਨਹੀਂ ਭਰੀ, ਪਰ ਫੈਕਟਰੀ ਚਾਲੂ ਰੱਖਣ ਲਈ ਸਮੁੱਚੇ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਸਹਿਮਤੀ ਦਿੱਤੀ।



Source link