ਹਾਥਰਸ (ਯੂਪੀ), 2 ਮਾਰਚ
ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੀ ਐੱਸਸੀ/ਐੱਸਟੀ ਅਦਾਲਤ ਨੇ ਤਿੰਨ ਸਾਲ ਪੁਰਾਣੇ ਹਾਥਰਸ ਬਲਾਤਕਾਰ-ਕਤਲ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ, ਜਦਕਿ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ। ਮਾਮਲੇ ਵਿੱਚ ਚਾਰ ਮੁਲਜ਼ਮ ਸਨ, ਜਿਨ੍ਹਾਂ ਵਿੱਚ ਸੰਦੀਪ (20), ਰਵੀ (35), ਲਵ ਕੁਸ਼ (23) ਅਤੇ ਰਾਮੂ (26) ਸ਼ਾਮਲ ਸਨ। ਮਾਮਲੇ ‘ਚ ਸੰਦੀਪ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਸ ਤੋਂ ਇਲਾਵਾ ਉਸ ‘ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸੰਦੀਪ ਦੇ ਵਕੀਲ ਨੇ ਕਿਹਾ ਕਿ ਸੰਦੀਪ ਵਿਰੁੱਧ ਬਲਾਤਕਾਰ ਦਾ ਦੋਸ਼ ਸਾਬਤ ਨਹੀਂ ਹੋ ਸਕਿਆ। ਸੀਬੀਆਈ ਨੇ ਇਸ ਮਾਮਲੇ ਵਿੱਚ ਕਤਲ, ਸਮੂਹਿਕ ਬਲਾਤਕਾਰ ਅਤੇ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ ਤਹਿਤ ਚਾਰ ਮੁਲਜ਼ਮਾਂ ਖ਼ਿਲਾਫ਼ ਇੱਥੇ ਐੱਸਸੀ/ਐੱਸਟੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਮੁਟਿਆਰ ਦੇ ਪਰਿਵਾਰ ਦੀ ਨੁਮਾਇੰਦਗੀ ਕਰ ਰਹੀ ਐਡਵੋਕੇਟ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਹਾਥਰਸ ਦੀ 19 ਸਾਲਾ ਲੜਕੀ ਨਾਲ 14 ਸਤੰਬਰ, 2020 ਨੂੰ ਉਸ ਦੇ ਪਿੰਡ ਦੇ ਚਾਰ ਵਿਅਕਤੀਆਂ ਨੇ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ ਸੀ। ਘਟਨਾ ਦੇ ਪੰਦਰਵਾੜੇ ਬਾਅਦ ਦਿੱਲੀ ਦੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਬਾਅਦ ‘ਚ ਅੱਧੀ ਰਾਤ ਨੂੰ ਉਸ ਦਾ ਪਿੰਡ ‘ਚ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਸਸਕਾਰ ਕੀਤਾ ਗਿਆ ਸੀ ਤੇ ਲੜਕੀ ਦੀ ਸ਼ਕਲ ਤੱਕ ਦੇਖਣ ਨਹੀਂ ਦਿੱਤੀ ਗਈ।