ਪਾਕਿ ਕੋਲ ਅਤਿਵਾਦੀਆਂ ਨੂੰ ਸ਼ਹਿ ਦੇਣ ਦੀ ਵਿਸ਼ੇਸ਼ ਮੁਹਾਰਤ: ਭਾਰਤ

ਪਾਕਿ ਕੋਲ ਅਤਿਵਾਦੀਆਂ ਨੂੰ ਸ਼ਹਿ ਦੇਣ ਦੀ ਵਿਸ਼ੇਸ਼ ਮੁਹਾਰਤ: ਭਾਰਤ


ਜਨੇਵਾ, 4 ਮਾਰਚ

ਭਾਰਤ ਨੇ ਆਪਣੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਲਈ ਪਾਕਿਸਤਾਨ ‘ਤੇ ਵਰ੍ਹਦਿਆਂ ਕਿਹਾ ਹੈ ਕਿ ਉਸ ਕੋਲ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵੱਲੋਂ ਨਾਮਜ਼ਦ ਦਹਿਸ਼ਤਗਰਦਾਂ ਅਤੇ ਅਤਿਵਾਦੀ ਜਥੇਬੰਦੀਆਂ ਦੀ ਮੇਜ਼ਬਾਨੀ ਕਰਨ ਦੀ ‘ਵਿਲੱਖਣ ਮੁਹਾਰਤ’ ਹਾਸਲ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਨੀਤੀਆਂ ਦੁਨੀਆ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਦਿੱਤੇ ਬਿਆਨ ਦਾ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਭਾਰਤ ਨੇ ਕਿਹਾ ਕਿ ਜਦੋਂ ਉਹ ਆਪਣੀ ਆਬਾਦੀ ਨੂੰ ਦਬਾਉਣ ਦੇ ਸਮਰੱਥ ਨਹੀਂ ਰਿਹਾ ਤਾਂ ਉਹ ਅਤਿਵਾਦੀਆਂ ਦੀ ਮਦਦ, ਮੇਜ਼ਬਾਨੀ ਅਤੇ ਸ਼ਹਿ ਦੇਣ ਲਈ ਤਾਕਤ ਵਰਤ ਰਿਹਾ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਦੀ ਪ੍ਰਥਮ ਸਕੱਤਰ ਸੀਮਾ ਪੁਜਾਨੀ ਨੇ ਕਿਹਾ,”ਓਸਾਮਾ ਬਿਨ ਲਾਦੇਨ ਪਾਕਿਸਤਾਨ ਦੀ ਪ੍ਰਮੁੱਖ ਮਿਲਟਰੀ ਅਕੈਡਮੀ ਕੋਲ ਰਹਿੰਦਾ ਸੀ। ਉਸ ਦੀਆਂ ਸੁਰੱਖਿਆ ਏਜੰਸੀਆਂ ਨੇ ਦਹਾਕਿਆਂ ਤੋਂ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਨੂੰ ਪਾਲਿਆ ਅਤੇ ਪਨਾਹ ਦਿੱਤੀ ਹੈ।” ਪੁਜਾਨੀ ਨੇ ਕਿਹਾ ਕਿ ਪਾਕਿਸਤਾਨ ਦੀ ਆਬਾਦੀ ਜਦੋਂ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੀ ਹੈ ਤਾਂ ਉਸ ਦੀ ਭਾਰਤ ਨਾਲ ਵਿਰੋਧਤਾ ਗਲਤ ਤਰਜੀਹਾਂ ਵੱਲ ਸੰਕੇਤ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਆਗੂਆਂ ਅਤੇ ਅਧਿਕਾਰੀਆਂ ਨੂੰ ਭਾਰਤ ਖ਼ਿਲਾਫ਼ ‘ਬੇਬੁਨਿਆਦ ਪ੍ਰਚਾਰ’ ਦੀ ਬਜਾਏ ਆਪਣੀ ਆਬਾਦੀ ਦੇ ਫਾਇਦੇ ਲਈ ਕੰਮ ਕਰਨ ‘ਤੇ ਊਰਜਾ ਕੇਂਦਰਿਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਨੁਮਾਇੰਦੇ ਨੇ ਭਾਰਤ ਖ਼ਿਲਾਫ਼ ਕੂੜ ਪ੍ਰਚਾਰ ਲਈ ਕੌਮਾਂਤਰੀ ਮੰਚ ਦੀ ਦੁਰਵਰਤੋਂ ਕੀਤੀ ਹੈ। ਪੁਜਾਨੀ ਨੇ ਆਪਣੇ ਬਿਆਨ ‘ਚ ਤੁਰਕੀ ਵੱਲੋਂ ਸੰਯੁਕਤ ਰਾਸ਼ਟਰ ਦੇ ਸੈਸ਼ਨ ਦੌਰਾਨ ਦਿੱਤੇ ਗਏ ਬਿਆਨ ‘ਤੇ ਅਫਸੋਸ ਵੀ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲੇ ‘ਚ ਬੇਲੋੜੀ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਅਤੇ ਸਿੱਖ ਭਾਈਚਾਰਿਆਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਨਾਬਾਲਿਗ ਲੜਕੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ। -ਪੀਟੀਆਈ



Source link