‘ਲਾਡਲੀ ਬਹਿਨਾ’ ਸਕੀਮ ਤਹਿਤ ਹਰ ਮਹੀਨੇ ਮਿਲਣਗੇ ਹਜ਼ਾਰ ਰੁਪਏ

‘ਲਾਡਲੀ ਬਹਿਨਾ’ ਸਕੀਮ ਤਹਿਤ ਹਰ ਮਹੀਨੇ ਮਿਲਣਗੇ ਹਜ਼ਾਰ ਰੁਪਏ


ਭੋਪਾਲ, 5 ਮਾਰਚ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਅੱਜ ‘ਮੁੱਖ ਮੰਤਰੀ ਲਾਡਲੀ ਬਹਿਨਾ ਯੋਜਨਾ’ ਸ਼ੁਰੂ ਕੀਤੀ। ਇਸ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਮਿਲਿਆ ਕਰਨਗੇ। ਚੌਹਾਨ ਦਾ ਅੱਜ 65ਵਾਂ ਜਨਮਦਿਨ ਵੀ ਹੈ। ਇੱਥੇ ਜੰਬੂਰੀ ਮੈਦਾਨ ਵਿੱਚ ਸਕੀਮ ਸ਼ੁਰੂ ਕਰਨ ਮੌਕੇ ਮੁੱਖ ਮੰਤਰੀ ਨੇ ਇਕ ਔਰਤ ਦਾ ਫਾਰਮ ਵੀ ਭਰਿਆ। ਇਸ ਸਕੀਮ ਅਧੀਨ ਉਨ੍ਹਾਂ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨੇ ਮਿਲਣਗੇ ਜੋ ਟੈਕਸ ਅਦਾ ਨਹੀਂ ਕਰਦੀਆਂ ਅਤੇ ਜਿਨ੍ਹਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ ਢਾਈ ਲੱਖ ਤੋਂ ਘੱਟ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਲਾਡਲੀ ਬਹਿਨਾ ਸਕੀਮ ਸ਼ੁਰੂ ਕਰਨ ਦਾ ਮਕਸਦ ਸੂਬੇ ਦੀਆਂ ਇਕ ਕਰੋੜ ਔਰਤਾਂ ਤੱਕ ਪਹੁੰਚ ਬਣਾਉਣਾ ਹੈ। ਇੱਥੇ ਸਾਲ ਦੇ ਅੰਤ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਹਨ। ਹਾਲ ਹੀ ਵਿੱਚ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਇਸ ਸਕੀਮ ਲਈ ਅੱਠ ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।

ਚੌਹਾਨ ਨੇ ਕਿਹਾ ਕਿ ਯੋਗ ਲਾਭਪਾਤਰੀ ਆਪਣੇ ਫਾਰਮ 15 ਮਾਰਚ ਤੋਂ 30 ਅਪਰੈਲ ਦੇ ਵਕਫੇ ਦੌਰਾਨ ਭਰ ਸਕਦੇ ਹਨ। ਜਾਂਚ ਪੜਤਾਲ ਮਗਰੋਂ ਯੋ ਲਾਭਪਾਤਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ 10 ਜੂਨ ਤੋਂ ਹਰ ਮਹੀਨੇ ਮਿਲਣੀ ਸ਼ੁਰੂ ਹੋ ਜਾਵੇਗੀ।

ਦੂਜੇ ਪਾਸੇ ਕਮਲ ਨਾਥ ਨੇ ਵਾਅਦਾ ਕੀਤਾ ਕਿ ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਔਰਤਾਂ ਨੂੰ ਸਾਲਾਨਾ 18 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਚੌਹਾਨ ਨੂੰ ‘ਅਨਾਊਂਸਮੈਂਟ ਮਸ਼ੀਨ’ ਆਖਦਿਆਂ ਕਿਹਾ ਕਿ ਭਾਜਪਾ ਕਦੇ ਵੀ ਆਪਣੇ ਵਾਅਦਿਆਂ ‘ਤੇ ਖਰੀ ਨਹੀਂ ਉਤਰਦੀ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਅਖੀਰ ਵਿੱਚ ਸੂਬੇ ਵਿੱਚ ਚੋਣਾਂ ਦੇ ਮੱਦੇਨਜ਼ਰ ਭਾਜਪਾ ਤੇ ਕਾਂਗਰਸ ਔਰਤਾਂ ਨੂੰ ਭਰਮਾਉਣ ‘ਤੇ ਲੱਗੀਆਂ ਹੋਈਆਂ ਹਨ। -ਪੀਟੀਆਈ



Source link