ਢਾਕਾ ਵਿੱਚ ਸੱਤ ਮੰਜ਼ਿਲਾ ਇਮਾਰਤ ’ਚ ਧਮਾਕਾ; 16 ਮੌਤਾਂ

ਢਾਕਾ ਵਿੱਚ ਸੱਤ ਮੰਜ਼ਿਲਾ ਇਮਾਰਤ ’ਚ ਧਮਾਕਾ; 16 ਮੌਤਾਂ


ਢਾਕਾ, 7 ਮਾਰਚ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇਕ ਸੱਤ ਮੰਜ਼ਿਲਾ ਇਮਾਰਤ ‘ਚ ਹੋਏ ਧਮਾਕੇ ਕਾਰਨ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਫਾਇਰ ਸੇਵਾ ਕੰਟਰੋਲ ਰੂਮ ਦੇ ਹਵਾਲੇ ਨਾਲ ਬੀਡੀਨਿਊਜ਼24 ਨਿਊਜ਼ ਪੋਰਟਲ ਵੱਲੋਂ ਚਲਾਈ ਗਈ ਖ਼ਬਰ ਅਨੁਸਾਰ ਸਥਾਨਕ ਸਮੇਂ ਮੁਤਾਬਕ ਸ਼ਾਮ ਨੂੰ ਕਰੀਬ 4.50 ਵਜੇ ਹੋਏ ਇਸ ਧਮਾਕੇ ਤੋਂ ਬਾਅਦ 11 ਫਾਇਰ ਫਾਈਟਿੰਗ ਯੂਨਿਟਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਸੀ ਲੱਗ ਸਕਿਆ ਪਰ ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਇਮਾਰਤ ਅੰਦਰ ਗੈਰ-ਕਾਨੂੰਨੀ ਤੌਰ ‘ਤੇ ਰੱਖੇ ਰਸਾਇਣਾਂ ਕਾਰਨ ਇਹ ਧਮਾਕਾ ਹੋਇਆ ਹੈ।

ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜੇ ਤੱਕ 16 ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਬਚਾਅ ਕਾਰਜ ਜਾਰੀ ਹਨ ਜਿਸ ਕਰ ਕੇ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਢਾਕਾ ਮੈਡੀਕਲ ਕਾਲਜ ਤੇ ਹਸਪਤਾਲ (ਡੀਐੱਮਸੀਐੱਚ) ਪੁਲੀਸ ਪੋਸਟ ਦੇ ਇੰਸਪੈਕਟਰ ਬੱਚੂ ਮੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਡੀਐੱਮਸੀਐੱਚ ਲਿਆਂਦਾ ਗਿਆ ਜਿਨ੍ਹਾਂ ਦਾ ਹਸਪਤਾਲ ਦੀ ਐਮਰਜੈਂਸੀ ਯੂਨਿਟ ਵਿੱਚ ਇਲਾਜ ਚੱਲ ਰਿਹਾ ਹੈ। ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਸੈਨੀਟਰੀ ਉਤਪਾਦਾਂ ਦੀਆਂ ਕਈ ਦੁਕਾਨਾਂ ਸਨ ਅਤੇ ਇਸ ਦੇ ਨਾਲ ਹੀ ਬੀਆਰਏਸੀ ਬੈਂਕ ਦੀ ਇਕ ਸ਼ਾਖਾ ਸੀ। ਖ਼ਬਰਾਂ ਅਨੁਸਾਰ ਇਸ ਧਮਾਕੇ ਨਾਲ ਬੈਂਕ ਦੀਆਂ ਕੱਚ ਵਾਲੀਆਂ ਕੰਧਾਂ ਢਹਿ-ਢੇਰੀ ਹੋ ਗਈਆਂ ਅਤੇ ਸੜਕ ‘ਤੇ ਦੂਜੇ ਪਾਸੇ ਖੜ੍ਹੀ ਬੱਸ ਵੀ ਨੁਕਸਾਨੀ ਗਈ। -ਪੀਟੀਆਈ



Source link