ਆਬਕਾਰੀ ਨੀਤੀ ਕੇਸ: ਮਨੀਸ਼ ਸਿਸੋਦੀਆ ਈਡੀ ਵੱਲੋਂ ਗ੍ਰਿਫ਼ਤਾਰ

ਆਬਕਾਰੀ ਨੀਤੀ ਕੇਸ: ਮਨੀਸ਼ ਸਿਸੋਦੀਆ ਈਡੀ ਵੱਲੋਂ ਗ੍ਰਿਫ਼ਤਾਰ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 9 ਮਾਰਚ

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ‘ਆਪ’ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਸਿਸੋਦੀਆ ਨੂੰ ਈਡੀ ਨੇ ਤਿਹਾੜ ਜੇਲ੍ਹ ਵਿੱਚ ਦੂਜੇ ਦੌਰ ਦੀ ਪੁੱਛ-ਗਿੱਛ ਤੋਂ ਬਾਅਦ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਗ੍ਰਿਫ਼ਤਾਰ ਕੀਤਾ ਹੈ। ਈਡੀ ਵੱਲੋਂ ਸਿਸੋਦੀਆ ਨੂੰ ਭਲਕੇ ਅਦਾਲਤ ‘ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਈਡੀ ਨੇ ਸਿਸੋਦੀਆ ਤੋਂ ਪਹਿਲਾਂ 7 ਮਾਰਚ ਨੂੰ ਕਰੀਬ ਪੰਜ ਘੰਟਿਆਂ ਤੱਕ ਪੁੱਛ-ਗਿੱਛ ਕੀਤੀ ਸੀ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਸਿਸੋਦੀਆ ਨੂੰ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ‘ਚ ਬੰਦ ਹੈ। ਈਡੀ ਨੇ ਸਿਆਸਤਦਾਨ ਤੋਂ ਪੁੱਛ-ਪੜਤਾਲ ਲਈ ਸਥਾਨਕ ਅਦਾਲਤ ਤੋਂ ਇਜਾਜ਼ਤ ਲਈ ਸੀ। ਈਡੀ ਦੁਆਰਾ ਸਿਸੋਦੀਆ ਦੀ ਗ੍ਰਿਫ਼ਤਾਰੀ ‘ਤੇ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ”ਮਨੀਸ਼ ਨੂੰ ਪਹਿਲਾਂ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਛਾਪੇ ਦੌਰਾਨ ਸੀਬੀਆਈ ਨੂੰ ਕੋਈ ਸਬੂਤ ਨਹੀਂ ਮਿਲਿਆ, ਨਾ ਹੀ ਕੋਈ ਪੈਸਾ ਮਿਲਿਆ ਹੈ। ਭਲਕੇ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਹੈ। ਮਨੀਸ਼ ਨੂੰ ਕੱਲ੍ਹ ਛੱਡ ਦਿੱਤਾ ਜਾਣਾ ਸੀ। ਇਸ ਲਈ ਅੱਜ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।”

ਸਿਸੋਦੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ

ਨਵੀਂ ਦਿੱਲੀ: ਰਾਊਜ਼ ਐਵੇਨਿਊ ਅਦਾਲਤ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਵਿਸ਼ੇਸ਼ ਜੱਜ ਐੱਮ ਕੇ ਨਾਗਪਾਲ ਨੇ ਸੀਬੀਆਈ ਨੂੰ 10 ਮਾਰਚ ਤੱਕ ‘ਆਪ’ ਆਗੂ ਦੀ ਅਰਜ਼ੀ ‘ਤੇ ਆਪਣਾ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਆਪਣੀ ਅਰਜ਼ੀ ਵਿੱਚ ਸਿਸੋਦੀਆ ਨੇ ਕਿਹਾ ਹੈ ਕਿ ਉਹ ਕੇਂਦਰੀ ਜਾਂਚ ਏਜੰਸੀ ਦੁਆਰਾ ਬੁਲਾਏ ਜਾਣ ‘ਤੇ ਜਾਂਚ ਵਿੱਚ ਸ਼ਾਮਲ ਹੋਏ ਸਨ ਅਤੇ ਹਿਰਾਸਤ ਵਿੱਚ ਰੱਖ ਕੇ ਕੋਈ ਵੀ ਸਾਰਥਕ ਮਕਸਦ ਪੂਰਾ ਨਹੀਂ ਹੋਵੇਗਾ ਕਿਉਂਕਿ ਸਾਰੀਆਂ ਰਿਕਵਰੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ ਅਤੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।



Source link