ਬਲੀਆ, 13 ਮਾਰਚ
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਨੇਤਾ ਉਮਾ ਸ਼ੰਕਰ ਸਿੰਘ ਨੇ ਅੱਜ ਇੱਥੇ ਗੈਂਗਸਟਰ ਤੋਂ ਨੇਤਾ ਬਣੇ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਦਾ ਸਮਰਥਨ ਕਰਦਿਆਂ ਕਿਹਾ ਕਿ ਉਨ੍ਹਾਂ ਬਾਰੇ ਸੂਚਨਾ ਦੇਣ ‘ਤੇ ਪੁਲੀਸ ਵੱਲੋਂ ਕੀਤਾ ਗਿਆ ਨਕਦ ਇਨਾਮ ਦੇਣ ਦਾ ਐਲਾਨ ਉਮੇਸ਼ ਪਾਲ ਹੱਤਿਆ ਕਾਂਡ ਨੂੰ ਸੁਲਝਾਉਣ ਵਿੱਚ ਪੁਲੀਸ ਦੀ ਨਾਕਾਮੀ ਤੋਂ ‘ਧਿਆਨ ਭਟਕਾਉਣ’ ਦੀ ਇੱਕ ਕੋਸ਼ਿਸ਼ ਹੈ। ਉੱਤਰ ਪ੍ਰਦੇਸ਼ ਦੀ ਪੁਲੀਸ ਨੇ ਪਰਵੀਨ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 25,000 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਮਾ ਸ਼ੰਕਰ ਸਿੰਘ ਨੇ ਇਸ ਕਦਮ ‘ਤੇ ਸਵਾਲ ਕਰਦਿਆਂ ਕਿਹਾ, ”ਇਨਾਮ ਐਲਾਨਣ ਦੀ ਕਾਰਵਾਈ ਪੁਲੀਸ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।” ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਬਸਪਾ ਆਗੂ ਨੇ ਕਿਹਾ, ”ਘਟਨਾ ਦੇ 15 ਦਿਨ ਬਾਅਦ ਵੀ ਪ੍ਰਯਾਗਰਾਜ ਪੁਲੀਸ ਦੇ ਹੱਥ ਖ਼ਾਲੀ ਹਨ। ਲੋਕ ਉਨ੍ਹਾਂ ਤੋਂ ਸਵਾਲ ਨਾ ਕਰਨ, ਇਸ ਲਈ ਇਨਾਮ ਐਲਾਨ ਦਿੱਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਸ਼ੂਟਰਾਂ ‘ਤੇ ਢਾਈ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ ਪਰ ਹੁਣ ਤੱਕ ਕੋਈ ਵੀ ਗ੍ਰਿਫ਼ਤਾਰ ਨਹੀਂ ਹੋਇਆ ਹੈ। ਪਰਵੀਨ ਦੇ ਸਮਰਥਨ ਵਿੱਚ ਆਉਂਦਿਆਂ ਬਸਪਾ ਵਿਧਾਇਕ ਨੇ ਕਿਹਾ, ”ਸ਼ਾਇਸਤਾ ਪਰਵੀਨ ਪ੍ਰਯਾਗਰਾਜ ਦੀ ਮੇਅਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਾਜਪਾ ਇਸ ਸੀਟ ਤੋਂ ਹਾਰਨ ਜਾ ਰਹੀ ਹੈ। ਭਾਜਪਾ ਦੇ ਗੁੱਸੇ ਪਿੱਛੇ ਇਹੀ (ਕਾਰਨ) ਹੈ।” ਉਮਾ ਸ਼ੰਕਰ ਸਿੰਘ ਨੇ ਕਿਹਾ ਕਿ ਬਸਪਾ ਮੁਖੀ ਮਾਇਆਵਤੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜੇਕਰ ਪਰਵੀਨ ‘ਤੇ ਲੱਗੇ ਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, ”ਅਸੀਂ ਹੁਣ ਵੀ ਇਸ ‘ਤੇ ਕਾਇਮ ਹਾਂ। ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਸ਼ਾਇਸਤਾ ਪਰਵੀਨ ਨੂੰ ਪਾਰਟੀ ‘ਚੋਂ ਕੱਢ ਦਿੱਤਾ ਜਾਵੇਗਾ।” ਇੱਕ ਮੁਲਜ਼ਮ ਨਾਲ ਪਰਵੀਨ ਦੀ ਤਸਵੀਰ ਦੇ ਆਧਾਰ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਕਦਮ ‘ਤੇ ਸਵਾਲ ਕਰਦਿਆਂ ਬਸਪਾ ਵਿਧਾਇਕ ਨੇ ਕਿਹਾ ਕਿ ਹਾਲ ਹੀ ਵਿੱਚ ਮੀਡੀਆ ਵਿੱਚ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇੱਕ ਸ਼ੂਟਰ ਦੀ ਤਸਵੀਰ ਵੀ ਸਾਹਮਣੇ ਆਈ ਸੀ। -ਪੀਟੀਆਈ
ਅਤੀਕ ਅਹਿਮਦ ਦੇ ਭਰਾ ਅਸ਼ਰਫ ਨਾਲ ਗੈਰ-ਕਾਨੂੰਨੀ ਮੁਲਾਕਾਤ ਕਰਨ ਦੇ ਦੋਸ਼ ਹੇਠ ਜੇਲਰ ਸਣੇ ਛੇ ਮੁਅੱਤਲ
ਲਖਨਊ: ਬਰੇਲੀ ਸੈਂਟਰਲ ਜੇਲ੍ਹ ਵਿੱਬ ਬੰਦ ਗੈਂਗਸਟਰ ਤੋਂ ਨੇਤਾ ਬਣੇ ਅਤੀਕ ਅਹਿਮ ਦੇ ਭਰਾ ਅਤੇ ਸਾਬਕਾ ਵਿਧਾਇਕ ਅਸ਼ਰਫ ਨਾਲ ਗ਼ੈਰ-ਕਾਨੂੰਨੀ ਢੰਗ ਨਾਲ ਮੁਲਾਕਾਤ ਕਰਨ ਦੇ ਦੋਸ਼ ਹੇਠ ਜੇਲਰ ਅਤੇ ਡਿਪਟੀ ਜੇਲਰ ਸਣੇ ਛੇ ਜੇਲ੍ਹ ਕਰਮੀਆਂ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ। ਡਾਇਰੈਕਟਰ ਜਨਰਲ (ਜੇਲ੍ਹ) ਆਨੰਦ ਕੁਮਾਰ ਨੇ ਕਿਹਾ ਕਿ ਬਰੇਲੀ ਸੈਂਟਰਲ ਜੇਲ੍ਹ ਦੇ ਛੇ ਕਰਮਚਾਰੀਆਂ ਨੂੰ ਜੇਲ੍ਹ ਅੰਦਰ ਅਸ਼ਰਫ ਨੂੰ ਗ਼ਲਤ ਢੰਗ ਨਾਲ ਮੁਲਾਕਾਤ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਡੀਆਈਜੀ (ਜੇਲ੍ਹ) ਆਰਐੱਨ ਪਾਂਡੇ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ। ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਜੇਲਰ ਰਾਜੀਵ ਕੁਮਾਰ ਮਿਸ਼ਰਾ, ਡਿਪਟੀ ਜੇਲਰ ਦੁਰਗੇਸ਼ ਪ੍ਰਤਾਪ ਸਿੰਘ, ਹੈੱਡ ਜੇਲ੍ਹ ਵਾਰਡਨ ਬ੍ਰਿਜਵੀਰ ਸਿੰਘ, ਜੇਲ੍ਹ ਵਾਰਡਨ ਮਨੋਜ ਗੌੜ, ਦਿਨੇਸ਼ ਮਹਿੰਦੀ ਸ਼ਾਮਲ ਹਨ। -ਪੀਟੀਆਈ