ਪੰਜਾਬ ’ਚ ਮੀਂਹ ਅਤੇ ਹਨੇਰੀ ਕਾਰਨ ਕਈ ਥਾਵਾਂ ’ਤੇ ਕਣਕ ਵਿਛੀ

ਪੰਜਾਬ ’ਚ ਮੀਂਹ ਅਤੇ ਹਨੇਰੀ ਕਾਰਨ ਕਈ ਥਾਵਾਂ ’ਤੇ ਕਣਕ ਵਿਛੀ


ਜੋਗਿੰਦਰ ਸਿੰਘ ਮਾਨ

ਮਾਨਸਾ, 17 ਮਾਰਚ

ਪੰਜਾਬ ਵਿੱਚ ਹੁਣ ਜਦੋਂ ਕਣਕ ਦੀ ਫ਼ਸਲ ਪੱਕ ਰਹੀ ਹੈ ਅਤੇ ਸਰ੍ਹੋਂ ਸਮੇਤ ਹਾੜ੍ਹੀ ਦੀਆਂ ਫਸਲਾਂ ਦੀ ਵਾਢੀ ਸ਼ੁਰੂ ਹੋ ਗਈ ਹੈ ਤਾਂ ਮੌਸਮ ਦੀ ਖਰਾਬੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਅੱਜ ਫਰੀਦਕੋਟ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਪਟਿਆਲਾ, ਗੁਰਦਾਸਪੁਰ ਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਮੀਂਹ ਨਾਲ ਚੱਲੀਆਂ ਲੱਗੀਆਂ ਤੇਜ਼ ਹਵਾਵਾਂ ਨੇ ਕਣਕ ਨੂੰ ਵਿਛਾ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਚਿਤਾਵਨੀ ਵਿੱਚ ਦੱਸਿਆ ਗਿਆ ਹੈ ਕਿ ਅਗਲੇ ਦੋ ਤਿਨ ਦਿਨ ਪੰਜਾਬ ‘ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।

ਫੋਟੋ: ਧਰਮਪਾਲ ਤੂਰ(ਸੰਗਤ ਮੰਡੀ)

ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਵੱਢੀ ਸਰ੍ਹੋਂ ਦੀ ਫ਼ਸਲ ਨੂੰ ਇਕੱਠੀ ਕਰਦੇ ਹੋਏ ਕਿਸਾਨ।-ਫੋਟੋ: ਮਾਨ

ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁੱਖੀ ਡਾ. ਪੀਕੇ ਕਿੰਗਰਾ ਅਤੇ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਭਲਕੇ 17 ਤੋਂ 19 ਮਾਰਚ ਦੌਰਾਨ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਹਾਲਤਾਂ ਵਿੱਚ ਕਿਸਾਨਾਂ ਨੂੰ ਕਣਕ ਅਤੇ ਜੌਂਅ ਦੀ ਫ਼ਸਲ ਨੂੰ ਸਿੰਜਾਈ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਰ੍ਹੋਂ ਦੀ ਵਾਢੀ ਵੀ ਕੁੱਝ ਦਿਨਾਂ ਲਈ ਮੁਲਤਵੀ ਕਰਨੀ ਚਾਹੀਦੀ ਹੈ, ਜੇਕਰ ਕਿਸਾਨਾਂ ਨੇ ਪਹਿਲਾਂ ਹੀ ਸਰ੍ਹੋਂ ਦੀ ਕਟਾਈ ਕਰ ਲਈ ਹੈ ਤਾਂ ਨੁਕਸਾਨ ਤੋਂ ਬਚਾਅ ਲਈ ਉਪਜ ਨੂੰ ਤਰਪਾਲ ਨਾਲ ਢੱਕ ਕੇ ਸੁਰੱਖਿਅਤ ਥਾਵਾਂ ‘ਤੇ ਰੱਖਣਾ ਚਾਹੀਦਾ ਹੈ। ਡਾ. ਪਾਲ ਨੇ ਦੱਸਿਆ ਕਿ ਮਾਨਸਾ ਸਮੇਤ ਸੰਗਰੂਰ,ਬਰਨਾਲਾ ਨੂੰ ਛੱਡਕੇ ਬਾਕੀ ਸਾਰੀਆਂ ਥਾਵਾਂ ‘ਤੇ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਪਾਣੀ ਨਾ ਲਾਇਆ ਜਾਵੇ। ਕਿਸਾਨਾਂ ਨੂੰ ਪੱਕ ਰਹੀ ਸਰ੍ਹੋਂ ਦੀ ਫ਼ਸਲ ਦੀ ਵਾਢੀ ਵੀ ਰੋਕ ਦੇਣਾ ਚਾਹੀਦਾ ਹੈ।



Source link