ਨਵੀਂ ਦਿੱਲੀ, 17 ਮਾਰਚ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਵਕੀਲਾਂ ਦੇ ਚੈਂਬਰ ਲਈ ਜ਼ਮੀਨ ਅਲਾਟ ਕਰਨ ਬਾਰੇ ਸਿਖ਼ਰਲੀ ਅਦਾਲਤ ਵੱਲੋਂ ਸਰਕਾਰ ਨਾਲ ਗੱਲ ਕੀਤੀ ਜਾਵੇਗੀ। ਸਿਖ਼ਰਲੀ ਅਦਾਲਤ ਅੱਜ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਦਾਇਰ ਅਰਜ਼ੀ ਉਤੇ ਸੁਣਵਾਈ ਕਰ ਰਹੀ ਸੀ। ਅਰਜ਼ੀ ਵਿਚ ਸੁਪਰੀਮ ਕੋਰਟ ਨੂੰ ਅਲਾਟ 1.33 ਏਕੜ ਜ਼ਮੀਨ ‘ਚ ਵਕੀਲਾਂ ਲਈ ਚੈਂਬਰ ਦੀ ਉਸਾਰੀ ਦੀ ਮੰਗ ਕੀਤੀ ਗਈ ਹੈ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੂੰ ਪੁੱਛਿਆ ਕਿ ਚੈਂਬਰਾਂ ਦੀ ਅਲਾਟਮੈਂਟ ਲਈ ਜ਼ਮੀਨ ਲੈਣ ਬਾਰੇ ਨਿਆਂਇਕ ਹੁਕਮ ਕਿਵੇਂ ਪਾਸ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਬੈਂਚ ਨੇ ਕਿਹਾ ਕਿ ਪ੍ਰਸ਼ਾਸਕੀ ਪੱਧਰ ਉਤੇ ਅਦਾਲਤ ਸਰਕਾਰ ਕੋਲ ਇਹ ਮੁੱਦਾ ਉਠਾ ਸਕਦੀ ਹੈ। ਸਰਕਾਰ ਨੂੰ ਇਹ ਸੰਕੇਤ ਨਹੀਂ ਜਾਣਾ ਚਾਹੀਦਾ ਕਿ ਅਦਾਲਤ ਹੁਕਮ ਪਾਸ ਕਰ ਕੇ ਸਰਕਾਰ ਦੇ ਅਧਿਕਾਰ ਖੇਤਰ ਵਿਚ ਦਖ਼ਲ ਦੇ ਰਹੀ ਹੈ। -ਪੀਟੀਆਈ