ਨਵੀਂ ਦਿੱਲੀ, 21 ਮਾਰਚ
ਕਾਂਗਰਸ ਨੇ ਅੱਜ ਇੱਥੇ ਦੱਸਿਆ ਕਿ ਸੱਤਾਧਾਰੀ ਪਾਰਟੀ ਭਾਜਪਾ ਜਮਹੂਰੀਅਤ ਦੀ ਮਾਲਕ ਨਹੀਂ ਹੈ ਸਗੋਂ ਉਹ ਤਾਂ ਇਕ ਕਿਰਾਏਦਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਵਾਬਦੇਹ ਬਣਾਉਣਾ ਕੌਮ ਦੀ ਨਿੰਦਾ ਕਰਨਾ ਨਹੀਂ ਹੁੰਦਾ।
ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਅਡਾਨੀ ਮਸਲੇ ਤੋਂ ਦੇਸ਼ ਦਾ ਧਿਆਨ ਭਟਕਾਉਣ ਲਈ ਭਾਜਪਾ ਡਰਾਮਾ ਕਰ ਰਹੀ ਹੈ। ਰਾਹੁਲ ਗਾਂਧੀ ਨੂੰ ‘ਮੀਰ ਜਾਫਰ’ ਕਹਿਣ ‘ਤੇ ਪਵਨ ਖੇੜਾ ਨੇ ਭਾਜਪਾ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਤਿਹਾਸ ਵਿੱਚ ਇਸ ਪਾਰਟੀ ਨੂੰ ‘ਜੈ ਚੰਦ’ ਵਜੋਂ ਦੇਖਿਆ ਜਾਵੇਗਾ ਅਤੇ ਇਸ ਦੇ ਪੁਰਖੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਲਈ ਜਾਣੇ ਜਾਂਦੇ ਹਨ। ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,’ਰਾਹੁਲ ਗਾਂਧੀ ਪ੍ਰਧਾਨ ਮੰਤਰੀ ਤੋਂ ਆਪਣੇ ਮਿੱਤਰ ਨੂੰ ਦਿੱਤੀਆਂ ਰਿਆਇਤਾਂ ਸਬੰਧੀ ਜਵਾਬ ਮੰਗ ਰਹੇ ਹਨ। ਇਸ ਤੋਂ ਚਿੰਤਤ ਭਾਜਪਾ ਅਡਾਨੀ ਮਸਲੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਨਵੇਂ ਡਰਾਮੇ ਕਰ ਰਹੀ ਹੈ। ਉਨ੍ਹਾਂ ਕਿਹਾ,’ਅਮਿਤ ਸ਼ਾਹ ਨੂੰ ਪਤਾ ਹੈ ਕਿ ਗਾਂਧੀ ਕਦੇ ਮੁਆਫੀ ਨਹੀਂ ਮੰਗਣਗੇ ਪਰ ਭਾਜਪਾ ਦੇ ਤਰਜਮਾਨ ਬਿਨਾਂ ਕਿਸੇ ਤਿਆਰੀ ਤੋਂ ਸਵੇਰੇ ਹੀ ਤੰਗ ਕਰਨ ਆ ਜਾਂਦੇ ਹਨ।’ ਖੇੜਾ ਨੇ ਕਿਹਾ,’ਸਰਕਾਰ ਦੇ ਕੰਮਾਂ ਦੀ ਆਲੋਚਨਾ ਦਾ ਮਤਲਬ ਦੇਸ਼ ਨੂੰ ਨਿੰਦਣਾ ਨਹੀਂ ਹੁੰਦਾ। ਸਰਕਾਰ ਦੇਸ਼ ਲਈ ਹੁੰਦੀ ਹੈ, ਇਹ ਗੱਲ ਭਾਜਪਾ ਨੂੰ ਸਮਝਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਜਮਹੂਰੀਅਤ ਉਦੋਂ ਹੀ ਮਜ਼ਬੂਤ ਹੋਵੇਗੀ, ਜਦੋਂ ਦੇਸ਼ ਦੀ ਜਮਹੂਰੀਅਤ ‘ਤੇ ਚਰਚਾ ਹੋਵੇਗੀ। ‘ਮੈਂ ਸ਼ਾਹ ਤੇ ਸ਼ਹਿਨਸ਼ਾਹ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਜਮਹੂਰੀਅਤ ਦੇ ਕਿਰਾਏਦਾਰ ਹੋ, ਨਾ ਕਿ ਮਾਲਕ। ਮਾਲਕ ਤਾਂ ਸਿਰਫ ਲੋਕ ਹਨ। ਤੁਸੀਂ ਕਿਰਾਏਦਾਰ ਬਣ ਕੇ ਹੀ ਰਹੋ।’ -ਪੀਟੀਆਈ