ਜਾਸੂਸੀ ਦੇ ਦੋਸ਼ ਹੇਠ ‘ਵਾਲ ਸਟ੍ਰੀਟ ਜਰਨਲ’ ਦਾ ਪੱਤਰਕਾਰ ਗ੍ਰਿਫ਼ਤਾਰ

ਜਾਸੂਸੀ ਦੇ ਦੋਸ਼ ਹੇਠ ‘ਵਾਲ ਸਟ੍ਰੀਟ ਜਰਨਲ’ ਦਾ ਪੱਤਰਕਾਰ ਗ੍ਰਿਫ਼ਤਾਰ


ਮਾਰਚ, 30 ਮਾਰਚ

ਰੂਸ ਦੀ ਸੁਰੱਖਿਆ ਏਜੰਸੀ ਨੇ ‘ਵਾਲ ਸਟ੍ਰੀਟ ਜਨਰਲ’ ਦੇ ਇੱਕ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਠੰਢੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਹੇਠ ਫੜਿਆ ਗਿਆ ਹੋਵੇ।

ਸੰਘੀ ਸੁਰੱਖਿਆ ਸੇਵਾ (ਐੱਫਐੱਸਬੀ) ਅਨੁਸਾਰ ਇਵਾਨ ਗੇਰਸ਼ਕੋਵਿਚ ਨੂੰ ਅੱਜ ਯੇਕਾਤੇਰਿਨਬਰਗ ਦੇ ਯੁਰਾਲ ਸ਼ਹਿਰ ‘ਚ ਕਥਿਤ ਤੌਰ ‘ਤੇ ਖੁਫੀਆ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦਿਆਂ ਹਿਰਾਸਤ ‘ਚ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਯੂਕਰੇਨ ਜੰਗ ਕਾਰਨ ਪੱਛਮੀ ਮੁਲਕਾਂ ਤੇ ਮਾਸਕੋ ਦਰਮਿਆਨ ਵਧ ਰਹੀ ਕੁੜੱਤਣ ਵਿਚਾਲੇ ਕੀਤੀ ਗਈ ਹੈ। ਗੇਰਸ਼ਕੋਵਿਚ ਸਤੰਬਰ 1986 ‘ਚ ਯੂਐੱਸ ਨਿਊਜ਼ ਐਂਡ ਵਰਲਡ ਰਿਪੋਰਟ ਦੇ ਮਾਸਕੋ ਤੋਂ ਪੱਤਰਕਾਰ ਨਿਕੋਲਸ ਡੈਨਿਲਾਫ ਦੀ ਗ੍ਰਿਫ਼ਤਾਰੀ ਮਗਰੋਂ ਰੂਸ ‘ਚ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋਣ ਵਾਲਾ ਪਹਿਲਾ ਅਮਰੀਕੀ ਰਿਪੋਰਟਰ ਹੈ। ਸੋਵੀਅਤ ਸੰਘ ਦੇ ਸੰਯੁਕਤ ਰਾਸ਼ਟਰ ਮਿਸ਼ਨ ਦੇ ਐੱਫਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਇਕ ਮੁਲਾਜ਼ਮ ਦੀ ਅਦਲਾ-ਬਦਲੀ ‘ਚ 20 ਦਿਨ ਬਾਅਦ ਉਸ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕੀਤਾ ਗਿਆ ਸੀ। ਐੱਫਐੱਸਬੀ ਨੇ ਦੋਸ਼ ਲਾਇਆ ਕਿ ਗੇਰਸ਼ਕੋਵਿਚ ਰੂਸੀ ਫੌਜੀ ਸਨਅਤੀ ਕੰਪਲੈਕਸ ਦੀਆਂ ਗਤੀਵਿਧੀਆਂ ਬਾਰੇ ਖੁਫੀਆ ਜਾਣਕਾਰੀ ਹਾਸਲ ਕਰ ਰਿਹਾ ਸੀ। ਸੁਰੱਖਿਆ ਏਜੰਸੀ ਨੇ ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਗ੍ਰਿਫ਼ਤਾਰੀ ਕਿੱਥੇ ਕੀਤੀ ਗਈ। ਦੋਸ਼ੀ ਪਾਏ ਜਾਣ ‘ਤੇ ਗੇਰਸ਼ਕੋਵਿਚ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। -ਏਪੀ

ਅਮਰੀਕਾ ਨੂੰ ਮਿਜ਼ਾਈਲ ਪ੍ਰੀਖਣ ਬਾਰੇ ਜਾਣਕਾਰੀ ਦਿੰਦਾ ਰਹੇਗਾ ਰੂਸ

ਰੂਸ ਦੇ ਇੱਕ ਉੱਚ ਕੂਟਨੀਤਕ ਅਧਿਕਾਰੀ ਨੇ ਅੱਜ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਪ੍ਰਮਾਣੂ ਹਥਿਆਰ ਸਮਝੌਤਾ ਖਤਮ ਹੋਣ ਦੇ ਬਾਵਜੂਦ ਰੂਸ ਅਮਰੀਕਾ ਨੂੰ ਆਪਣੇ ਮਿਜ਼ਾਈਲ ਪ੍ਰੀਖਣ ਬਾਰੇ ਅਗਾਊਂ ਸੂਚਨਾ ਦੇਣੀ ਜਾਰੀ ਰੱਖੇਗਾ। ਉਪ ਵਿਦੇਸ਼ ਮੰਤਰੀ ਸਰਗੇਈ ਰਯਾਬਕੋਵ ਦਾ ਬਿਆਨ ਉਨ੍ਹਾਂ ਵੱਲੋਂ ਬੀਤੇ ਦਿਨ ਦਿੱਤੇ ਗਏ ਉਸ ਬਿਆਨ ਤੋਂ ਉਲਟ ਹੈ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਮਾਸਕੋ ਨੇ ਮਿਜ਼ਾਈਲ ਪ੍ਰੀਖਣ ਚਿਤਾਵਨੀਆਂ ਸਮੇਤ 2011 ਦੇ ਨਵੇਂ ਐੱਸਟੀਏਆਰਟੀ ਪ੍ਰਮਾਣੂ ਸਮਝੌਤੇ ਤਹਿਤ ਵਾਸ਼ਿੰਗਟਨ ਨਾਲ ਸਾਰੀਆਂ ਸੂਚਨਾਵਾਂ ਦਾ ਲੈਣ-ਦੇਣ ਰੋਕ ਦਿੱਤਾ ਹੈ। ਰਯਾਬਕੋਵ ਨੇ ਅੱਜ ਕਿਹਾ ਕਿ ਰੂਸ 1988 ਦੇ ਅਮਰੀਕੀ-ਸੋਵੀਅਤ ਸਮਝੌਤੇ ਅਨੁਸਾਰ ਮਿਜ਼ਾਈਲ ਪ੍ਰੀਖਣ ਬਾਰੇ ਅਮਰੀਕਾ ਨੂੰ ਸੂਚਿਤ ਕਰਨ ਸਬੰਧੀ ਆਪਣੇ ਅਹਿਦ ‘ਤੇ ਡਟਿਆ ਰਹਿਣਾ ਚਾਹੁੰਦਾ ਹੈ।



Source link