ਅਹਿਮਦਾਬਾਦ, 1 ਅਪਰੈਲ
ਗੁਜਰਾਤ ਸਹਿਕਾਰੀ ਦੁੱਧ ਮਾਰਕੀਟ ਫੈਡਰੇਸ਼ਨ (ਜੀਸੀਐੱਮਐੱਮਐੱਫ) ਨੇ ਅੱਜ ਸੂਬੇ ਵਿੱਚ ਅਮੂਲ ਦੁੱਧ ਦੇ ਭਾਅ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਲੰਘੇ ਵਰ੍ਹੇ ਦਸੰਬਰ ਮਹੀਨੇ ਵਿਧਾਨ ਸਭਾ ਚੋਣਾਂ ਮਗਰੋਂ ਦੁੱਧ ਕੀਮਤਾਂ ਵਿੱਚ ਇਹ ਪਹਿਲਾ ਵਾਧਾ ਹੈ। ਜੀਸੀਐੱਮਐੱਮਐੱਫ ਸੂਬੇ ਵਿੱਚ ਦੁੱਧ ਕੋਅਪਰੇਟਿਵ ਸੁਸਾਇਟੀਆਂ ਦੀ ਉੱਚ ਬਾਡੀ ਹੈ। ਕੀਮਤਾਂ ਵਿੱਚ ਬਦਲਾਅ ਮਗਰੋਂ ਸੂਬੇ ਵਿੱਚ ਅਮੂਲ ਦੇ ਮੱਝ ਦੇ ਦੁੱਧ ਭਾਅ 68 ਪ੍ਰਤੀ ਲੀਟਰ, ਅਮੂਲ ਗੋਲਡ ਦਾ ਭਾਅ 64 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਸ਼ਕਤੀ ਦਾ ਭਾਅ 58 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜਦਕਿ ਅਮੂਲ ਦੇ ਗਾਂ ਦੇ ਦੁੱਧ ਦੀ ਕੀਮਤ ਵਧ ਕੇ 54 ਰੁਪੲੇ, ਅਮੂਲ ਤਾਜ਼ਾ ਦੀ 52 ਰੁਪਏ ਅਤੇ ਅਮੂਲ ਟੀ-ਸਪੈਸ਼ਲ ਦੀ ਕੀਮਤ 60 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਦੇਸ਼ ਵਿੱਚ ਅਮੂਲ ਦੁੱਧ ਦੇ ਭਾਅ ਵਿੱਚ ਦੋ ਵਾਰ (ਕ੍ਰਮਵਾਰ ਅਕਤੂਬਰ 2022 ‘ਚ 2 ਰੁਪਏ ਅਤੇ ਫਰਵਰੀ 2023 ‘ਚ 3 ਰੁਪਏ ਪ੍ਰਤੀ ਲੀਟਰ) ਵਾਧਾ ਹੋ ਚੁੱਕਾ ਹੈ ਪਰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ (ਗੁਜਰਾਤ) ਵਿੱਚ ਦੁੱਧ ਕੀਮਤਾਂ ਨਹੀਂ ਵਧਾਈਆਂ ਗਈਆਂ। -ਆਈਏਐੱਨਐੱਸ