ਨਵੀਂ ਦਿੱਲੀ, 2 ਅਪਰੈਲ
ਕਾਂਗਰਸ ਨੇ ਇਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਇਕ ਨਵਾਂ ਸਪਾਈਵੇਅਰ(ਜਾਸੂਸੀ) ਸਿਸਟਮ ਲੈਣ ਦੀ ਫਿਰਾਕ ਵਿੱਚ ਹੈ। ਪਾਰਟੀ ਨੇ ਕਿਹਾ ਕਿ ਇਹ ਸਪਾਈਵੇਅਰ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਦੇਸ਼ੀ ਮੁਲਕਾਂ ਦੀ ਮਦਦ ਨਾਲ ਲੋਕਾਂ ਦੇ ਫੋਨ ਹੈਕ ਕੀਤੇ ਜਾਣ ਦੀ ਕਥਿਤ ‘ਸਾਜ਼ਿਸ਼’ ਦਾ ਹਿੱਸਾ ਹੈ। ਦੱਸ ਦੇਈਏ ਕਿ ਫਾਇਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿੱਚ ਕੀਤੇ ਦਾਅਵੇ ਮੁਤਾਬਕ ਕੇਂਦਰ ਸਰਕਾਰ ਨੂੰ ਇਕ ਨਵੇਂ ਸਪਾਈਵੇਅਰ ਦੀ ਤਲਾਸ਼ ਹੈ, ਜੋ ਵਿਵਾਦਿਤ ਪੈਗਾਸਸ ਸਿਸਟਮ ਤੋਂ ਹੇਠਲੇ ਪੱਧਰ ਦਾ ਹੋਵੇਗਾ। ਰਿਪੋਰਟ ਮੁਤਾਬਕ ਸਰਕਾਰ ਵੱਲੋਂ ਇਸ ਨਵੇਂ ਸਪਾਈਵੇਅਰ ਨੂੰ ਹਾਸਲ ਕਰਨ ਲਈ 12 ਕਰੋੜ ਅਮਰੀਕੀ ਡਾਲਰ ਖਰਚੇ ਜਾ ਸਕਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਹਿੰਦੀ ਵਿੱਚ ਕੀਤੇ ਟਵੀਟ ‘ਚ ਕਿਹਾ, ”ਮੋਦੀ ਸਰਕਾਰ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਵਿਦੇਸ਼ੀ ਮਦਦ ਨਾਲ ਪੈਗਾਸਸ ਜ਼ਰੀੲੇ ਨਾਗਰਿਕਾਂ, ਵਿਰੋਧੀ ਧਿਰਾਂ, ਨਿਆਂਪਾਲਿਕਾ, ਚੋਣ ਕਮਿਸ਼ਨਰ, ਪੱਤਰਕਾਰਾਂ ਦੀ ਜਾਸੂਸੀ ਕੀਤੀ ਸੀ। ਹੁਣ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਵਿਦੇਸ਼ੀ ਮਦਦ ਨਾਲ ਦੇਸ਼ ਦੇ ਲੋਕਾਂ ਦੇ ਫੋਨ ਹੈਕ ਕਰਨ ਦੀ ਸਾਜ਼ਿਸ਼।” ਰਮੇਸ਼ ਨੇ ਕਿਹਾ ਕਿ ਇਹ ਜਮਹੂਰੀਅਤ ‘ਤੇ ਸਿੱਧਾ ਹਮਲਾ ਹੈ। ਫਾਇਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਬੋਲੀ ਦੇ ਅਮਲ ਵਿੱਚ ਦਰਜਨ ਕੰਪੀਟੇਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। -ਪੀਟੀਆਈ