ਜੋਗਿੰਦਰ ਸਿੰਘ ਮਾਨ/ ਮਨੋਜ ਸ਼ਰਮਾ
ਮਾਨਸਾ/ ਬਠਿੰਡਾ, 5 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਲਵੇ ਖੇਤਰ ਵਿਚ ਵਿੱਚ ਭਾਰੀ ਬਾਰਸ਼ ਤੇ ਗੜਿਆਂ ਕਾਰਨ ਫਸਲਾਂ, ਸਬਜ਼ੀਆਂ, ਬਾਗਾਂ, ਘਰਾਂ ਅਤੇ ਹੋਰ ਨੁਕਸਾਨ ਦੇ ਮੁਆਵਜ਼ੇ ਲਈ ਅੱਜ ਵੱਖ ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਅੱਗੇ ਧਰਨੇ ਦਿੱਤੇ। ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਦੇ ਅਨੇਕਾਂ ਜ਼ਿਲ੍ਹਿਆਂ ਅੰਦਰ ਭਾਰੀ ਬਾਰਸ਼, ਝੱਖੜ ਅਤੇ ਗੜਿਆਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਬਾਰਸ਼ ਦਾ ਪਾਣੀ ਖੇਤਾਂ ਵਿੱਚ ਭਰ ਗਿਆ ਹੈ, ਜਿਸ ਕਾਰਨ ਵੱਡੇ ਪੱਧਰ ‘ਤੇ ਡਿੱਗੀ ਹੋਈ ਕਣਕ ਦੀ ਫ਼ਸਲ ਗਲ਼ਣੀ ਸ਼ੁਰੂ ਹੋ ਗਈ ਹੈ ਅਤੇ ਸਿੱਟਿਆਂ ਵਿੱਚ ਦਾਣੇ ਹਰੇ ਹੋਣ ਲੱਗ ਪਏ ਹਨ। ਗੜੇਮਾਰੀ ਕਾਰਨ ਪੱਕਣ ‘ਤੇ ਆਈ ਸਰ੍ਹੋਂ ਦੀ ਫਸਲ ਦੀਆਂ ਫਲੀਆਂ ਬਿਲਕੁੱਲ ਟੁੱਟ ਚੁੱਕੀਆਂ ਹਨ, ਜੋ ਥੋੜੀਆਂ- ਮੋਟੀਆਂ ਬਚੀਆਂ ਹਨ, ਉਹ ਕਾਲੀਆਂ ਹੋ ਚੁੱਕੀਆਂ ਹਨ। ਕਣਕ ਦੀਆਂ ਬੱਲੀਆਂ ਵੀ ਭੁਰ ਚੁੱਕੀਆਂ ਹਨ। ਜਥੇਬੰਦੀ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬੱਲੀਆਂ ਵਿੱਚ ਬਚੇ ਹੋਏ ਦਾਣੇ ਬਦਰੰਗ ਹੋ ਜਾਣੇ ਹਨ ਅਤੇ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹੋਰ ਵੀ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਪਹਿਲਾਂ ਹੀ ਖੇਤੀ ਲਾਗਤ ਵਸਤਾਂ ਦੇ ਮਹਿੰਗੇ ਭਾਵਾਂ ਕਰਕੇ ਕਰਜ਼ਈ ਹੋ ਚੁੱਕੀ ਹੈ, ਜਦੋਂ ਕਿ ਆਮਦਨ ਲਗਾਤਾਰ ਘੱਟਦੀ ਜਾ ਰਹੀ ਹੈ।

ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਅਤੇ ਹੋਰ ਹੋਏ ਨੁਕਸਾਨ ਦੀ ਗਿਰਦਾਵਰੀ ਛੇਤੀ ਮੁਕੰਮਲ ਕੀਤੀ ਜਾਵੇ। ਫਸਲਾਂ ਦੇ ਹੋਏ ਨੁਕਸਾਨ ਮੁਤਾਬਕ ਪੂਰੀ ਦੀ ਪੂਰੀ ਭਰਪਾਈ ਕੀਤੀ ਜਾਵੇ। ਇਸੇ ਤਰ੍ਹਾਂ ਹੋਰ ਹੋਏ ਨੁਕਸਾਨ ਜਿਵੇਂ ਮਕਾਨਾਂ ਵਗੈਰਾ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜੇ ਦਾ ਪ੍ਰਤੀ ਪਰਿਵਾਰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਜਥੇਬੰਦੀ ਨੇ ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਲਈ ਸਰਕਾਰੀ ਬੀਮਾ ਯੋਜਨਾ ਨੀਤੀ ਬਣਾਉਣ ਅਤੇ ਸਮੁੱਚੇ ਕਰਜ਼ਿਆਂ ਦੀਆਂ ਕਿਸ਼ਤਾਂ ਵਿਆਜ ਮੁਆਫ਼ ਕਰਕੇ ਅੱਗੇ ਪਾਈਆਂ ਜਾਣ ਦੀ ਮੰਗ ਕੀਤੀ ਹੈ।
ਮਾਨਸਾ ਵਿਖੇ ਦਿੱਤੇ ਗਏ ਧਰਨੇ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜਗਸੀਰ ਸਿੰਘ ਜਵਾਹਰਕੇ ਨੇ ਮੁੱਖ ਰੂਪ ਵਿੱਚ ਸੰਬੋਧਨ ਕੀਤਾ।