ਤਾਲਿਬਾਨ ਵੱਲੋਂ ਅਫ਼ਗਾਨ ਔਰਤਾਂ ਨੂੰ ਕੰਮ ਕਰਨ ਤੋਂ ਰੋਕਣ ਦਾ ਫ਼ੈਸਲਾ ਸਵੀਕਾਰ ਨਹੀਂ: ਸੰਯੁਕਤ ਰਾਸ਼ਟਰ

ਤਾਲਿਬਾਨ ਵੱਲੋਂ ਅਫ਼ਗਾਨ ਔਰਤਾਂ ਨੂੰ ਕੰਮ ਕਰਨ ਤੋਂ ਰੋਕਣ ਦਾ ਫ਼ੈਸਲਾ ਸਵੀਕਾਰ ਨਹੀਂ: ਸੰਯੁਕਤ ਰਾਸ਼ਟਰ


ਇਸਲਾਮਾਬਾਦ, 6 ਅਪਰੈਲ

ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਫ਼ਗਾਨ ਔਰਤ ਕਰਮਚਾਰੀਆਂ ਨੂੰ ਯੂਐੱਨ ਵਿੱਚ ਕੰਮ ਕਰਨ ਤੋਂ ਰੋਕਣ ਦੇ ਤਾਲਿਬਾਨ ਦੇ ਫ਼ੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਵਿੱਚ ਸੱਤਾਧਾਰੀ ਤਾਲਿਬਾਨ ਨੇ ਉਸ ਨੂੰ ਦੱਸਿਆ ਹੈ ਕਿ ਆਲਮੀ ਸੰਸਥਾ ਲਈ ਅਫ਼ਗਾਨ ਮਹਿਲਾਵਾਂ ਦੇ ਕੰਮ ਕਰਨ ‘ਤੇ ਰੋਕ ਲਾ ਦਿੱਤੀ ਗਈ ਹੈ। ਤਾਲਿਬਾਨ ਨੇ ਮੰਗਲਵਾਰ ਤੋਂ ਪਹਿਲਾਂ ਅਫ਼ਗਾਨ ਔਰਤਾਂ ‘ਤੇ ਕੌਮੀ ਅਤੇ ਕੌਮਾਂਤਰੀ ਗ਼ੈਰ-ਸਰਕਾਰੀ ਸੰਗਠਨਾਂ ਲਈ ਕੰਮ ਕਰਨ ‘ਤੇ ਰੋਕ ਲਾ ਦਿੱਤੀ ਸੀ। ਪਰ ਸੰਯੁਕਤ ਰਾਸ਼ਟਰ ਲਈ ਕੰਮ ਕਰਨ ‘ਤੇ ਰੋਕ ਨਹੀਂ ਸੀ। ਤਾਲਿਬਾਨ ਵੱਲੋਂ ਪੁਰਾਣੇ ਹੁਕਮ ਨੂੰ ਇਸ ਹਫ਼ਤੇ ਬਦਲ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਮਿਸ਼ਨ ਨੇ ਬੁੱਧਵਾਰ ਨੂੰ ਆਖਿਆ ਕਿ ਇਹ ਪਾਬੰਦੀ ਕੌਮਾਂਤਰੀ ਕਾਨੂੰਨ ਮੁਤਾਬਕ ਗ਼ੈਰਕਾਨੂੰਨੀ ਹੈ ਤੇ ਆਲਮੀ ਸੰਸਥਾ ਇਸ ਨੂੰ ਸਵੀਕਾਰ ਨਹੀਂ ਕਰ ਸਕਦੀ। ਦੂਜੇ ਪਾਸੇ ਤਾਲਿਬਾਨ ਨੇ ਆਪਣੇ ਇਸ ਕਦਮ ‘ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ। ਬਿਆਨ ਮੁਤਾਬਕ ਯੂਐੱਨਦੀਆਂ ਕਈ ਮਹਿਲਾ ਕਰਮਚਾਰੀਆਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਕੰਮ ‘ਤੇ ਆਉਣ ਤੋਂ ਰੋਕਣ, ਹਿਰਾਸਤ ‘ਚ ਲੈਣ, ਧਮਕੀਆਂ ਦੇਣ ਅਤੇ ਜਿਨਸੀ ਸੋਸ਼ਣ ਆਦਿ ਬਾਰੇ ਜਾਣਕਾਰੀ ਦਿੱਤੀ ਸੀ। ਬਿਆਨ ਵਿੱਚ ਆਖਿਆ ਗਿਆ ਕਿ ਇਸ ਕਰਕੇ ਸੰਯੁਕਤ ਰਾਸ਼ਟਰ ਨੇ ਅਫ਼ਗਾਨਿਸਤਾਨ ਵਿੱਚ ਆਪਣੇ ਸਾਰੇ ਕਰਮਚਾਰੀਆਂ (ਪੁਰਸ਼ਾਂ ਤੇ ਔਰਤਾਂ) ਨੂੰ ਅਗਲੀ ਸੂਚਨਾ ਤੱਕ ਦਫ਼ਤਰ ਨਾ ਆਉਣ ਦਾ ਨਿਰਦੇਸ਼ ਦਿੱਤਾ ਹੈ। ਤਾਲਿਬਾਨ ਦੇ ਇਸ ਫ਼ੈਸਲੇ ਦੀ ਦੁਨੀਆ ਦੇ ਕਈ ਸੰਗਠਨਾਂ ਨੇ ਮਹਿਲਾ ਕਰਮੀਆਂ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। -ਏਪੀ



Source link