ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 9 ਅਪਰੈਲ
ਸਾਊਦੀ ਅਰਬ ਤੇ ਇਰਾਨ ਦਰਮਿਆਨ ਸਬੰਧ ਸੁਖਾਵੇਂ ਹੋਣ ਤੋਂ ਬਾਅਦ ਅੱਜ ਯੂਏਈ ਦੂਤਾਵਾਸ ਵੱਲੋਂ ਇੱਥੇ ਰੱਖੇ ਗਏ ਇਫ਼ਤਾਰ ਵਿਚ ਕਿਸੇ ਵੇਲੇ ਦੁਸ਼ਮਣ ਰਹੇ ਇਰਾਨ ਅਤੇ ਅਰਬ ਮੁਲਕਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ। ਇਜ਼ਰਾਈਲ ਤੇ ਕੁਝ ਅਰਬ ਮੁਲਕਾਂ ਵਿਚਾਲੇ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੌਰਾਨ ਹੋਏ ਅਬਰਾਹਮ ਸਮਝੌਤੇ ਦਾ ਅਸਰ ਵੀ ਇਸ ਮੌਕੇ ਦੇਖਣ ਨੂੰ ਮਿਲਿਆ। ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਨਾਓਰ ਜਿਲੋਨ ਨੇ ਵੀ ਇਫ਼ਤਾਰ ਵਿਚ ਹਾਜ਼ਰੀ ਭਰੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਇਸ ਮੌਕੇ ਹਾਜ਼ਰ ਸਨ। ਹਾਲਾਂਕਿ ਇਜ਼ਰਾਈਲ ਦੇ ਰਾਜਦੂਤ ਦੀ ਹਾਜ਼ਰੀ ਸਿਰਫ਼ ਸਮਝੌਤੇ ਕਰ ਕੇ ਨਹੀਂ ਸੀ, ਇਜ਼ਰਾਈਲ ਉਸ ਆਰਥਿਕ ਸਮੂਹ ਦਾ ਵੀ ਹਿੱਸਾ ਹੈ ਜਿਸ ਦੇ ਮੈਂਬਰ ਭਾਰਤ, ਯੂਏਈ ਤੇ ਅਮਰੀਕਾ ਵੀ ਹਨ। ਇਫ਼ਤਾਰ ਵਿਚ ਭਾਰਤ ‘ਚ ਰੂਸ ਦੇ ਰਾਜਦੂਤ ਡੈਨਿਸ ਅਲੀਪੋਵ ਤੇ ਯੂਕੇ ਦੇ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਵੀ ਹਾਜ਼ਰੀ ਭਰੀ। ਓਮਾਨ, ਮਾਲਦੀਵਜ਼ ਤੇ ਬੰਗਲਾਦੇਸ਼ ਦੇ ਰਾਜਦੂਤ ਵੀ ਇਸ ਮੌਕੇ ਹਾਜ਼ਰ ਸਨ। ਯੂਏਈ ਦੇ ਰਾਜਦੂਤ ਅਬਦੁਲਨਾਸਰ ਅਲਸ਼ਾਲੀ ਨੇ ਟਵੀਟ ਕਰ ਕੇ ਐੱਸ. ਜੈਸ਼ੰਕਰ ਸਣੇ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।