ਰਿਸ਼ੀਕੇਸ਼, 23 ਅਪਰੈਲ
ਗੜ੍ਹਵਾਲ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ‘ਤੇ ਪਿਛਲੇ ਕੁਝ ਦਿਨਾਂ ਤੋਂ ਮੌਸਮ ਖਰਾਬ ਰਹਿਣ ਅਤੇ ਬਰਫਬਾਰੀ ਹੋਣ ਕਾਰਨ ਅੱਜ ਰਿਸ਼ੀਕੇਸ਼ ਅਤੇ ਹਰਿਦੁਆਰ ਵਿੱਚ ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਕੰਮ 30 ਅਪਰੈਲ ਤੱਕ ਰੋਕ ਦਿੱਤਾ ਗਿਆ ਹੈ। ਕੇਦਾਰਨਾਥ ਧਾਮ ਦੇ ਕਿਵਾੜ 25 ਅਪਰੈਲ ਨੂੰ ਖੁੱਲ੍ਹ ਰਹੇ ਹਨ।
ਗੜ੍ਹਵਾਲ ਡਿਵੀਜ਼ਨ ਦੇ ਵਧੀਕ ਕਮਿਸ਼ਨਰ (ਪ੍ਰਸ਼ਾਸਨ) ਨਰਿੰਦਰ ਸਿੰਘ ਨੇ ਦੱਸਿਆ ਕਿ ਖਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਕੇਦਾਰਨਾਥ ਧਾਮ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 30 ਅਪਰੈਲ ਤੱਕ ਰੋਕ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਆਉਣ ਵਾਲੇ ਦਿਨਾਂ ‘ਚ ਹਾਲਾਤ ਦਾ ਜਾਇਜ਼ਾ ਲਵੇਗੀ ਅਤੇ ਉਸ ਅਨੁਸਾਰ ਸ਼ਰਧਾਲੂਆਂ ਦੇ ਹਿੱਤ ‘ਚ ਢੁੱਕਵਾਂ ਫੈਸਲਾ ਲਿਆ ਜਾਵੇਗਾ। ਗੜ੍ਹਵਾਲ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ਖਾਸ ਕਰਕੇ ਕੇਦਾਰਨਾਥ ਧਾਮ ‘ਚ ਲਗਾਤਾਰ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਨਾ ਸਿਰਫ ਉੱਥੇ ਦਾ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ, ਸਗੋਂ ਉਥੋਂ ਬਰਫ ਹਟਾਉਣ ਲਈ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਹੋਰ ਧਾਮਾਂ ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਾਰੀ ਹੈ। ਬਦਰੀਨਾਥ ਧਾਮ 27 ਅਪਰੈਲ ਨੂੰ ਖੁੱਲ੍ਹੇਗਾ ਜਦਕਿ ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਬੀਤੇ ਦਿਨ ਖੋਲ੍ਹ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਦੇਸ਼-ਵਿਦੇਸ਼ ਤੋਂ 16 ਲੱਖ ਤੋਂ ਵੱਧ ਲੋਕ ਸ਼ਰਧਾਲੂ ਚਾਰ ਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। -ਪੀਟੀਆਈ