ਚਿਤਰਦੁਰਗ, 26 ਅਪਰੈਲ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਭਾਜਪਾ ਉਤੇ ਤਿੱਖਾ ਹੱਲਾ ਬੋਲਦਿਆਂ ਕਿਹਾ ਕਿ ਪੁਲੀਸ ਭਰਤੀ ਘੁਟਾਲੇ ਵਿਚ ਸ਼ਾਮਲ ਸਰਕਾਰ ਨੂੰ ਕਰਨਾਟਕ ਵਿਚੋਂ ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ। ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਭਰਤੀਆਂ ਲਈ ਭਾਜਪਾ ਦੇ ਆਗੂਆਂ ਨੇ ਕਮਿਸ਼ਨ ਵੀ ਮੰਗਿਆ। ਚਿਤਰਦੁਰਗ ਵਿਚ ਇਕ ਰੋਡ ਸ਼ੋਅ ਦੌਰਾਨ ਪ੍ਰਿਯੰਕਾ ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ, ‘ਕਿਸ ਦੀ ਸਰਕਾਰ 40 ਪ੍ਰਤੀਸ਼ਤ ਵਾਲੀ ਸਰਕਾਰ ਹੈ? ਕਿਸ ਨੇ ਸਾਰੇ ਘੁਟਾਲੇ ਕੀਤੇ ਹਨ? ਪੁਲੀਸ ਸਬ-ਇੰਸਪੈਕਟਰ ਭਰਤੀ ਘੁਟਾਲਾ ਕਿਸ ਨੇ ਕੀਤਾ? ਕਿਸ ਨੂੰ ਇੱਥੋਂ ਜੜ੍ਹੋਂ ਪੁੱਟਣਾ ਚਾਹੀਦਾ ਹੈ?’ ਰੋਡਸ਼ੋਅ ਦੌਰਾਨ ਪ੍ਰਿਯੰਕਾ ਨੇ ਰਾਜ ਦੇ ਲੋਕਾਂ ਨੂੰ ਆਤਮ-ਸਨਮਾਨ ਤੇ ਆਪਣੇ ਭਵਿੱਖ ਖਾਤਰ ਅਗਾਮੀ ਚੋਣਾਂ ਵਿਚ ਵੋਟਾਂ ਪਾਉਣ ਦਾ ਸੱਦਾ ਦਿੱਤਾ। ਪ੍ਰਿਯੰਕਾ ਨੇ ਕਿਹਾ ਕਿ ਲੋਕ ਆਪਣੇ ਭਵਿੱਖ, ਆਪਣੇ ਬੱਚਿਆਂ ਤੇ ਰਾਜ ਖਾਤਰ ਵੋਟ ਪਾਉਣ। ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਟਵੀਟ ਕਰਦਿਆਂ ਕਿਹਾ, ‘ਅਸਲ ਵਿਚ ਕਰਨਾਟਕ ਦੀ ਚੋਣ ਰਾਜ ਦੇ ਲੋਕ ਲੜ ਰਹੇ ਹਨ- ਅਜਿਹੀ ਸਰਕਾਰ ਖ਼ਿਲਾਫ਼ ਜਿਸ ਨੇ 40 ਪ੍ਰਤੀਸ਼ਤ ਕਮਿਸ਼ਨ ਲਿਆ ਹੈ, ਕਰਨਾਟਕ ਨਾਲ ਧੋਖਾ ਕਮਾਇਆ ਹੈ। ਇਹ ਚੋਣ ਉਹ ਭਾਜਪਾ ਦੇ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੇ ਹਨ। ਕਾਂਗਰਸ – ਰੁਜ਼ਗਾਰ, ਮਹਿੰਗਾਈ ਤੋਂ ਨਿਜਾਤ ਦਿਵਾਉਣ, ਗਰੀਬਾਂ ਦੀ ਭਲਾਈ ਤੇ ਰਾਜ ਦੇ ਵਿਕਾਸ ਲਈ ਆ ਰਹੀ ਹੈ।’ ਕਰਨਾਟਕ ਵਿਚ ਵਿਧਾਨ ਸਭਾ ਚੋਣਾਂ 10 ਮਈ ਨੂੰ ਹੋਣਗੀਆਂ ਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। -ਏਐੱਨਆਈ
‘ਸਾਡੇ ਪਰਿਵਾਰ ਲਈ ਸੰਘਰਸ਼ ਦਾ ਸਮਾਂ’
ਚਿਕਮਗਲੁਰੂ: ਕਰਨਾਟਕ ਦੇ ਚਿਕਮਗਲੁਰੂ ਜ਼ਿਲ੍ਹੇ ਵਿਚ ਲੋਕਾਂ ਨਾਲ ਜਜ਼ਬਾਤੀ ਸਾਂਝ ਪਾਉਂਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਹੁਣ ਉਨ੍ਹਾਂ ਦੇ ਪਰਿਵਾਰ ਦੇ ਸੰਘਰਸ਼ ਕਰਨ ਦਾ ਸਮਾਂ ਆ ਗਿਆ ਹੈ। ਖੇਤਰ ਦੇ ਲੋਕਾਂ ਨਾਲ ਆਪਣੀ ਪੁਰਾਣੀ ਸਾਂਝ ਨੂੰ ਚੇਤੇ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਦੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਅਜਿਹੇ ਹੀ ਸੰਘਰਸ਼ ਵਾਲੇ ਹਾਲਾਤ ਵਿਚੋਂ ਲੰਘ ਰਹੀ ਸੀ ਜਦ 45 ਸਾਲ ਪਹਿਲਾਂ ਉਹ ਉਨ੍ਹਾਂ ਕੋਲ (ਚਿਕਮਗਲੂਰੂ) ਆਈ ਸੀ। ਦੱਸਣਯੋਗ ਹੈ ਕਿ ਇੰਦਰਾ ਗਾਂਧੀ ਨੇ ਸੰਨ 1978 ਵਿਚ ਚਿਕਮਗਲੂਰੂ ਤੋਂ ਜ਼ਿਮਨੀ ਚੋਣ ਲੜੀ ਸੀ। ਇੱਥੋਂ ਚੋਣ ਲੜਨ ਦਾ ਫ਼ੈਸਲਾ ਉਨ੍ਹਾਂ ਐਮਰਜੈਂਸੀ ਤੋਂ ਬਾਅਦ ਰਾਏ ਬਰੇਲੀ ‘ਚ ਹਾਰਨ ਤੋਂ ਬਾਅਦ ਲਿਆ ਸੀ। ਆਪਣੇ ਭਰਾ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲ ਸੰਕੇਤ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ, ‘ਇੰਦਰਾ ਗਾਂਧੀ ਵਾਂਗ ਹੀ ਝੂਠਾ ਕੇਸ ਬਣਾਇਆ ਗਿਆ ਹੈ।’ ਪ੍ਰਿਯੰਕਾ ਨੇ ਇਹ ਟਿੱਪਣੀ ਰਾਹੁਲ ਗਾਂਧੀ ਨੂੰ ਸੰਸਦ ਵਿਚੋਂ ਅਯੋਗ ਠਹਿਰਾਉਣ ਦੇ ਸੰਦਰਭ ਵਿਚ ਕੀਤੀ। ਕਾਂਗਰਸ ਜਨਰਲ ਸਕੱਤਰ ਨੇ ਭਰੋਸਾ ਜਤਾਇਆ ਕਿ ਉਹ ਪ੍ਰਮਾਤਮਾ ਤੇ ਲੋਕਾਂ ਦੇ ਆਸ਼ੀਰਵਾਦ ਨਾਲ ਜੇਤੂ ਹੋ ਕੇ ਨਿਕਲਣਗੇ ਕਿਉਂਕਿ ਉਹ ਸੱਚਾਈ ਲਈ ਲੜ ਰਹੇ ਹਨ। -ਪੀਟੀਆਈ