‘ਮਨ ਕੀ ਬਾਤ’ ਮੇਰੇ ਲਈ ਅਧਿਆਤਮਕ ਸਫ਼ਰ: ਮੋਦੀ

‘ਮਨ ਕੀ ਬਾਤ’ ਮੇਰੇ ਲਈ ਅਧਿਆਤਮਕ ਸਫ਼ਰ: ਮੋਦੀ


ਨਵੀਂ ਦਿੱਲੀ, 30 ਅਪਰੈਲ

ਮੁੱਖ ਅੰਸ਼

  • ਪ੍ਰੋਗਰਾਮ ਨੂੰ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਦੱਸਿਆ
  • ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਵਿੱਚ ਵੀ ਰੇਡੀਓ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 100ਵੀਂ ਲੜੀ ਮੌਕੇ ਕਿਹਾ ਕਿ ਸਾਲ 2014 ਵਿੱਚ ਦਿੱਲੀ ਆਉਣ ਮੌਕੇ ਉਨ੍ਹਾਂ ਨੂੰ ਕੁਝ ‘ਖਲਾਅ’ ਮਹਿਸੂਸ ਹੋ ਰਿਹਾ ਸੀ, ਜਿਸ ਨੂੰ ਇਸ ਪ੍ਰਸਾਰਣ ਨੇ ਭਰਿਆ ਹੈ। ਉਨ੍ਹਾਂ ਇਸ ਪ੍ਰੋਗਰਾਮ ਨੂੰ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਦੱਸਿਆ, ਜਿਸ ਨੇ ਯਕੀਨੀ ਬਣਾਇਆ ਕਿ ਉਹ ਲੋਕਾਂ ਨਾਲ ਹਮੇਸ਼ਾ ਜੁੜੇ ਰਹਿਣ। ਇਹ ਮੀਲਪੱਥਰ ਪ੍ਰਸਾਰਣ ਸ੍ਰੀ ਮੋਦੀ ਲਈ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਸੀ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਸਿਰਫ਼ ਇਕ ਰੇਡੀਓ ਪ੍ਰੋਗਰਾਮ ਨਹੀਂ ਬਲਕਿ ਉਨ੍ਹਾਂ ਲਈ ਵਿਸ਼ਵਾਸ ਤੇ ਅਧਿਆਤਮਕ ਸਫ਼ਰ ਦਾ ਮਸਲਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ”ਮਨ ਦੀ ਬਾਤ ਇਕ ਤਿਓਹਾਰ ਬਣ ਗਿਆ ਹੈ, ਜੋ ਭਾਰਤ ਤੇ ਇਸ ਦੇ ਲੋਕਾਂ ਦੀ ਸਕਾਰਾਤਮਕਤਾ ਦਾ ਜਸ਼ਨ ਮਨਾਉਂਦਾ ਹੈ।” ਸ੍ਰੀ ਮੋਦੀ ਨੇ ਕਿਹਾ ਕਿ ਇਸ ਰੇਡੀਓ ਪ੍ਰੋਗਰਾਮ ਦੀ 100ਵੀਂ ਕੜੀ ਮੌਕੇ ਉਨ੍ਹਾਂ ਨੂੰ ਸ਼ਰੋਤਾਵਾਂ ਵੱਲੋਂ ਹਜ਼ਾਰਾਂ ਪੱਤਰ ਮਿਲੇ, ਜਿਸ ਨਾਲ ਉਹ ਭਾਵੁਕ ਹੋ ਗਏ ਹਨ। ਸੀਨੀਅਰ ਭਾਜਪਾ ਆਗੂਆਂ, ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਵੀ ਸ਼ਾਮਲ ਸਨ, ਨੇ ਵੱਖ ਵੱਖ ਥਾਈਂ ਸ੍ਰੀ ਮੋਦੀ ਦੇ ਸੰਬੋਧਨ ਨੂੰ ਸੁਣਿਆ। ਪ੍ਰੋਗਰਾਮ ਦੀ 100ਵੀਂ ਕਿਸ਼ਤ ਨੂੰ ਵੱਡੀ ਮਸ਼ਕ ਬਣਾਉਣ ਲਈ ਸੱਤਾਧਾਰੀ ਪਾਰਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਭਾਜਪਾ ਨੇ ਲੰਘੇ ਦਿਨੀਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਪ੍ਰਸਾਰਣ ਨੂੰ ਸੁਣਨ ਲਈ ਲੋਕਾਂ ਵਾਸਤੇ ਕਰੀਬ ਚਾਰ ਲੱਖ ਥਾਵਾਂ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਐਤਵਾਰ ਵੱਡੇ ਤੜਕੇ ਨਿਊ ਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰਜ਼ ਵਿੱਚ ਵੀ ‘ਮਨ ਕੀ ਬਾਤ’ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਯੂਕੇ, ਚੀਨ, ਦੱਖਣੀ ਅਫਰੀਕਾ, ਚਿਲੀ, ਮੋਰੱਕੋ, ਮੈਕਸਿਕੋ, ਕੌਂਗੋ, ਇਰਾਕ ਤੇ ਇੰਡੋਨੇਸ਼ੀਆ ਸਣੇ ਕੁਝ ਹੋਰਨਾਂ ਮੁਲਕਾਂ ਦੇ ਭਾਰਤੀ ਮਿਸ਼ਨਾਂ ‘ਤੇ ਰੇਡੀਓ ਪ੍ਰੋਗਰਾਮ ਦੀ ਲਾਈਵ ਸਟ੍ਰੀਮਿੰਗ ਲਈ ਪ੍ਰਬੰਧ ਕੀਤੇ ਗਏ। ਸ੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਗਰਾਮ ਕਰੋੜਾਂ ਭਾਰਤੀਆਂ ਦੀ ‘ਮਨ ਕੀ ਬਾਤ’ ਦਾ ਪਰਛਾਵਾਂ ਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ‘ਸਵੱਛ ਭਾਰਤ’, ‘ਖਾਦੀ’ ਜਾਂ ‘ਆਜ਼ਾਦੀ ਦਾ ਮਹੋਤਸਵ’ ਹੋਵੇ…’ਮਨ ਕੀ ਬਾਤ’ ਵਿੱਚ ਰੱਖੇ ਮਸਲੇ ਜਨ ਅੰਦੋਲਨ ਬਣੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਸਿਕ ਰੇਡੀਓ ਪ੍ਰੋਗਰਾਮ, ਜੋ ਜ਼ਿਆਦਾਤਰ ਸਿਆਸਤ ਤੋਂ ਪਰ੍ਹੇ ਸੀ, ਹੋਰਨਾਂ ਤੋਂ ਸਬਕ ਸਿੱਖਣ ਦਾ ਅਹਿਮ ਮਾਧਿਅਮ ਬਣਿਆ। ਉਨ੍ਹਾਂ ਕਿਹਾ, ”ਇਸ ਪ੍ਰੋਗਰਾਮ ਨੇ ਯਕੀਨੀ ਬਣਾਇਆ ਕਿ ਮੈਂ ਲੋਕਾਂ ਨਾਲ ਜੁੜਿਆ ਰਹਾਂ।” 100ਵੀਂ ਕੜੀ ਦੌਰਾਨ ਸ੍ਰੀ ਮੋਦੀ ਨੇ ਕੁਝ ਲੋਕਾਂ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ, ਜੋ ਉਨ੍ਹਾਂ ਦੀਆਂ ਨਿਵੇਕਲੀਆਂ ਪੇਸ਼ਕਦਮੀਆਂ ਲਈ ਪਹਿਲਾਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਡੀਓ ਪ੍ਰੋਗਰਾਮ 3 ਅਕਤੂਬਰ 2014 ਨੂੰ ਦਸਹਿਰੇ ਮੌਕੇ ਸ਼ੁਰੂ ਹੋਇਆ ਸੀ ਤੇ ਇਹ ਦੇਸ਼ਵਾਸੀਆਂ ਦੀ ਚੰਗਿਆਈ ਤੇ ਸਕਾਰਾਤਮਕਤਾ ਦਾ ਨਿਵੇਕਲਾ ਤਿਓਹਾਰ ਬਣ ਗਿਆ ਹੈ।

ਸ੍ਰੀ ਮੋਦੀ ਨੇ ਆਪਣੇ ਮੈਂਟਰ ਲਕਸ਼ਮਣਰਾਓ ਇਨਾਮਦਾਰ ਨੂੰ ਵੀ ਯਾਦ ਕੀਤਾ, ਜੋ ਉਨ੍ਹਾਂ ਨੂੰ ਹਮੇਸ਼ਾਂ ਸਲਾਹ ਦਿੰਦੇ ਸਨ ਕਿ ਹੋਰਨਾਂ, ਜਿਨ੍ਹਾਂ ਵਿੱਚ ਰਵਾਇਤੀ ਵਿਰੋਧੀ ਵੀ ਸ਼ਾਮਲ ਹਨ, ਦੇ ਚੰਗੇ ਗੁਣਾਂ ਦੀ ਕਦਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੇ ਉਨ੍ਹਾਂ ਨੂੰ ਲੋਕਾਂ ਨਾਲੋਂ ਟੁੱਟਣ ਨਹੀਂ ਦਿੱਤਾ ਤੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਹ ਅਕਸਰ ਆਮ ਲੋਕਾਂ ਦੇ ਰੂਬਰੂ ਹੁੰਦੇ ਸਨ। ਉਨ੍ਹਾਂ ਕਿਹਾ, ”ਪਰ 2014 ਵਿੱਚ ਦਿੱਲੀ ਆਉਣ ‘ਤੇ, ਮੈਨੂੰ ਪਤਾ ਲੱਗਾ ਕਿ ਇਥੇ ਜ਼ਿੰਦਗੀ ਬਹੁਤ ਵੱਖਰੀ ਹੈ। ਕੰਮ ਦਾ ਸੁਭਾਅ ਵੱਖਰਾ ਹੈ, ਜ਼ਿੰਮੇਵਾਰੀ ਵੱਖਰੀ ਤਰ੍ਹਾਂ ਦੀ ਹੈ, ਮੈਂ ਹਾਲਾਤ, ਸੁਰੱਖਿਆ ਨਾਲ ਜੁੜੀ ਸਖ਼ਤੀ ਤੇ ਸਮੇਂ ਸੀਮਾਂ ‘ਚ ਬੱਝਾ ਹਾਂ। ਸ਼ੁਰੂਆਤੀ ਦਿਨਾਂ ਵਿੱਚ ਕੁਝ ਵੱਖਰਾ ਮਹਿਸੂਸ ਹੁੰਦਾ ਸੀ, ਇਕ ਖਲਾਅ ਸੀ, ਜਿਸ ਨੂੰ ‘ਮਨ ਕੀ ਬਾਤ’ ਨੇ ਭਰਿਆ।” ਸ੍ਰੀ ਮੋਦੀ ਨੇ ਕਿਹਾ, ‘ਜਿਨ੍ਹਾਂ ਲੋਕਾਂ ਦਾ ਅਸੀਂ ‘ਮਨ ਕੀ ਬਾਤ’ ਵਿੱਚ ਜ਼ਿਕਰ ਕੀਤਾ, ਉਹ ਸਾਰੇ ਸਾਡੇ ਨਾਇਕ ਹਨ, ਜਿਨ੍ਹਾਂ ਇਸ ਪ੍ਰੋਗਰਾਮ ਵਿੱਚ ਜਾਨ ਪਾ ਦਿੱਤੀ।” ਅੱਜ ਦੇ ਪ੍ਰੋਗਰਾਮ ਦੌਰਾਨ ਯੂਨੈਸਕੋ ਦੀ ਡਾਇਰੈਕਟਰ ਜਨਰਲ ਔਡਰੇ ਅਜ਼ੂਲੇ ਵੱਲੋਂ ਦਿੱਤਾ ਵਿਸ਼ੇਸ਼ ਸੁਨੇਹਾ ਵੀ ਚਲਾਇਆ ਗਿਆ, ਜਿਸ ਵਿੱਚ ਉਨ੍ਹਾਂ ਰੇਡੀਓ ਪ੍ਰੋਗਰਾਮ ਦੀ ਤਾਰੀਫ਼ ਕੀਤੀ।

ਸੀਨੀਅਰ ਭਾਜਪਾ ਆਗੂਆਂ ‘ਚੋਂ ਅਮਿਤ ਸ਼ਾਹ ਮੁੰਬਈ, ਰਾਜਨਾਥ ਸਿੰਘ ਦਿੱਲੀ ਜਦੋਂਕਿ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਕਰਨਾਟਕ ਤੋਂ ਪ੍ਰੋਗਰਾਮ ਨਾਲ ਜੁੜੇ। ਉਧਰ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਜੋ ਤਿੰਨ ਚਾਰ ਮੁਲਕਾਂ ਦੇ ਸਰਕਾਰੀ ਦੌਰੇ ਤੇ ਹਨ, ਨੇ ਨਿਊ ਜਰਸੀ ਵਿੱਚ ਭਾਰਤੀ ਭਾਈਚਾਰੇ ਨਾਲ ਮਿਲ ਕੇ ‘ਮਨ ਕੀ ਬਾਤ’ ਪ੍ਰੋਗਰਾਮ ਸੁਣਿਆ।

ਜੈਸ਼ੰਕਰ ਨੇ ਕਿਹਾ ਕਿ ‘ਮਨ ਕੀ ਬਾਤ’ ਪਿਛਲੇ ਨੌਂ ਸਾਲਾਂ ਤੇ ਬਦਲਦੇ ਭਾਰਤ ਦੀ ਕਹਾਣੀ ਹੈ। ਇਸ ਮੌਕੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ, ਨਿਊ ਯਾਰਕ ਵਿੱਚ ਭਾਰਤ ਦੇ ਕੌਂਸੁਲਰ ਜਨਰਲ ਰਣਧੀਰ ਜੈਸਵਾਲ ਮੌਜੂਦ ਸਨ। -ਪੀਟੀਆਈ

ਭਾਰਤ ਦੀਆਂ ਅਥਲੀਟ ਧੀਆਂ ਨੂੰ ਕਿਉਂ ਨਹੀਂ ਬਚਾਇਆ ਗਿਆ: ਮੋਇਤਰਾ

ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ‘ਮਨ ਕੀ ਬਾਤ’ ਦੀ 100ਵੀਂ ਕੜੀ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਤੇ ਤਨਜ਼ ਕਸਦਿਆਂ ਕਿਹਾ, ”ਪਿਆਰੇ ਸਤਿਕਾਰਯੋਗ ਮੋਦੀ ਜੀ: ਮਨ ਕੀ ਬਾਤ ਦਾ ਅੱਜ 100ਵਾਂ ਐਪੀਸੋਡ ਹੈ…ਜਿਸ ਦਾ ਯੂਐੱਨ ਹੈੱਡਕੁਆਰਟਰਜ਼ ਵਿਚ ਵੀ ਸਿੱਧਾ ਪ੍ਰਸਾਰਣ ਕੀਤਾ ਜਾਣਾ ਹੈ। ਕ੍ਰਿਪਾ ਕਰਕੇ ਸਾਨੂੰ ਦੱਸਿਆ ਜਾਵੇ: 1. ਭਾਰਤ ਦੀਆਂ ਅਥਲੀਟ ਧੀਆਂ ਨੂੰ ਬਾਹੂਬਲੀ ਭਾਜਪਾ ਲੁਟੇਰੇ ਤੋਂ ਕਿਉਂ ਨਹੀਂ ਬਚਾਇਆ ਗਿਆ ? 2. ਸੇਬੀ ਨੇ ਸੁਪਰੀਮ ਕੋਰਟ ਵੱਲੋਂ ਦਿੱਤੀ ਮੋਹਲਤ ਅੰਦਰ ਅਡਾਨੀ ਨਾਲ ਜੁੜੀ ਜਾਂਚ ਕਿਉਂ ਨਹੀਂ ਮੁਕੰਮਲ ਕੀਤੀ?”

ਇਹ ਮਨ ਕੀ ਨਹੀਂ ‘ਮੌਨ ਕੀ ਬਾਤ’: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਲਈ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸ ਦੀ 100ਵੇਂ ਕੜੀ ਦੇ ਮੌਕੇ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਗਿਆ, ਪਰ ਚੀਨ, ਅਡਾਨੀ, ਵਧਦੀ ਆਰਥਿਕ ਨਾਬਰਾਬਰੀ ਤੇ ਪਹਿਵਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਇਹ ‘ਮੌਨ ਕੀ ਬਾਤ’ ਭਾਵ ਖਾਮੋਸ਼ ਸੀ। ਇਸ ਮਾਸਿਕ ਪ੍ਰੋਗਰਾਮ ਦੇ ਰੇਡੀਓ ‘ਤੇ ਪ੍ਰਸਾਰਣ ਤੋਂ ਐਨ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ”ਅੱਜ ਫੇਕੂਮਾਸਟਰ ਸਪੈਸ਼ਲ ਹੈ। ਮਨ ਕੀ ਬਾਤ ਦੀ 100ਵੀਂ ਕੜੀ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹੈ। ਪਰ ਚੀਨ, ਅਡਾਨੀ, ਵਧਦੀ ਆਰਥਿਕ ਨਾਬਰਾਬਰੀ, ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ, ਜੰਮੂ ਕਸ਼ਮੀਰ ਵਿੱਚ ਦਹਿਸ਼ਤੀ ਹਮਲਾ, ਮਹਿਲਾ ਪਹਿਲਵਾਨਾਂ ਦੀ ਬੇਇੱਜ਼ਤੀ, ਕਿਸਾਨ ਜਥੇਬੰਦੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਹੋਣਾ, ਕਰਨਾਟਕ ਜਿਹੇ ਡਬਲ ਇੰਜਣ ਦੀਆਂ ਸਰਕਾਰਾਂ ਵਾਲੇ ਸੂਬਿਆਂ ‘ਚ ਭ੍ਰਿਸ਼ਟਾਚਾਰ, ਠੱਗਾਂ ਦੇ ਭਾਜਪਾ ਨਾਲ ਨੇੜਲੇ ਰਿਸ਼ਤਿਆਂ ਬਾਰੇ ਇਹ ‘ਮੌਨ ਕੀ ਬਾਤ’ ਭਾਵ ਖਾਮੋਸ਼ ਹੈ।” ਰਮੇਸ਼ ਨੇ ਕਿਹਾ, ”ਆਈਆਈਐੱਮ ਰੋਹਤਕ ਨੇ ਮਨ ਦੀ ਬਾਤ ਦੇ ਪੈਣ ਵਾਲੇ ਅਸਰਾਂ ਬਾਰੇ ਅਧਿਐਨ ਕੀਤਾ ਹੈ, ਜਦੋਂਕਿ ਇਸ ਦੇ ਡਾਇਰੈਕਟਰ ਦੀ ਅਕਾਦਮਿਕ ਯੋਗਤਾ ‘ਤੇ ਸਿੱਖਿਆ ਮੰਤਰਾਲੇ ਨੇ ਹੀ ਉਜਰ ਜਤਾਇਆ ਹੈ।” ਪਾਰਟੀ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਬੇਰੁਜ਼ਗਾਰੀ, ਮਹਿੰਗਾਈ, ਅਡਾਨੀ ਖਿਲਾਫ ਦੋਸ਼ਾਂ ਤੇ ਮਹਿਲਾਵਾਂ ਦੀ ਸੁਰੱਖਿਆ ਜਿਹੇ ਮੁੱਦਿਆਂ ‘ਤੇ ਕਥਿਤ ਖਾਮੋਸ਼ ਹਨ। -ਪੀਟੀਆਈ

ਅਨੁਰਾਗ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ਇਤਿਹਾਸਕ ਕਰਾਰ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਸੂਚਨਾ ਤੇ ਪ੍ਰਸਾਰਨ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਦੀ 100ਵੀਂ ਕੜੀ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾਂ ਅੱਜ ਇੱਥੇ ਰਾਮਾ ਮੰਡੀ ਵਿੱਚ ਭਾਜਪਾ ਵਰਕਰਾਂ ਨਾਲ ਪ੍ਰੋਗਰਾਮ ਸੁਣਿਆ। ਅਨੁਰਾਗ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਤਿਹਾਸਕ 100ਵੇਂ ‘ਮਨ ਕੀ ਬਾਤ’ ਪ੍ਰੋਗਰਾਮ ਦੀ ਗਵਾਹ ਬਣੀ ਹੈ। ਇਹ ਪ੍ਰੋਗਰਾਮ ਪੂਰੀ ਤਰ੍ਹਾਂ ਗੈਰ-ਸਿਆਸੀ ਅਤੇ ਲੋਕਾਂ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ‘ਮਨ ਕੀ ਬਾਤ’ ਪ੍ਰੋਗਰਾਮ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਤੱਕ ਹਰੇਕ ਵਿਅਕਤੀ ਦੀ ਗੱਲ ਕਰਨ ਲਈ ਇੱਕ ਸ਼ਾਨਦਾਰ ਪਲੇਟਫਾਰਮ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਮਜ਼ਬੂਤ ਭਾਰਤ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਿਆਂ ‘ਮਨ ਕੀ ਬਾਤ’ ਰਾਸ਼ਟਰ ਦੀਆਂ ਮਾਨਵਤਾਵਾਦੀ, ਰਾਸ਼ਟਰੀ ਅਤੇ ਵਿਸ਼ਵਵਿਆਪੀ ਸਫ਼ਲਤਾਵਾਂ ਨੂੰ ਉਜਾਗਰ ਕਰਨ ‘ਤੇ ਕੇਂਦਰਿਤ ਹੈ।



Source link