ਸਰਬਜੀਤ ਸਿੰਘ ਭੱਟੀ
ਲਾਲੜੂ, 1 ਮਈ
ਲਾਲੜੂ ਨੇੜੇ ਪੈਂਦੇ ਪਿੰਡ ਸਮਲਹੇੜੀ ਵਿੱਚ ਪਾਈਪ ਬਣਾਉਣ ਵਾਲੀ ਫੈਕਟਰੀ ਹੰਸਾ ਮੈਟੇਲਿਕਸ ਲਿਮਿਟਡ ਵਿੱਚ ਕਰਦੇ ਸਮੇਂ ਅਚਾਨਕ ਭਾਰੀ ਲੋਹਾ ਡਿੱਗਣ ਕਾਰਨ ਹੈਲਪਰ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਫੈਕਟਰੀ ਪ੍ਰਬੰਧਕਾਂ ਖ਼ਿਲਾਫ਼ ਗੇਟ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਸੀ। ਬੀਤੀ ਦੇਰ ਰਾਤ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਜਦੋਂ ਇਸ ਹਾਦਸੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਆਪਣੀ ਲਾਲੜੂ ਦੀ ਟੀਮ ਨੂੰ ਇਸ ਦਾ ਹੱਲ ਕਰਨ ਲਈ ਕਿਹਾ। ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਤੇ ਪ੍ਰਸ਼ਾਸਨ ਨੇ ਮਿਲ ਕੇ ਪਰਿਵਾਰ ਵਾਲਿਆਂ ਤੇ ਫੈਕਟਰੀ ਪ੍ਰਬੰਧਕਾਂ ਵਿਚਾਲੇ ਸਮਝੌਤਾ ਕਰਵਾਇਆ। ਸਮਝੌਤੇ ਤਹਿਤ ਫੈਕਟਰੀ ਮਾਲਕ ਵੱਲੋਂ ਪਰਿਵਾਰ ਨੂੰ ਛੇ ਲੱਖ ਰੁਪਏ ਦਿੱਤੇ ਜਾਣਗੇ ਜਦਕਿ ਬੀਮਾ ਕੰਪਨੀ ਤੋਂ ਅੱਠ ਲੱਖ ਰੁਪਏ ਆਰਥਿਕ ਮਦਦ ਦਿਵਾਈ ਜਾਵੇਗੀ। ਇਸ ਦੇ ਨਾਲ ਹੀ ਮ੍ਰਿਤਕ ਦੀ ਪਤਨੀ ਜੋ ਕਿ ਦੋਵੇਂ ਪੈਰਾਂ ਤੋਂ ਅੰਗਹੀਣ ਹੈ, ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਤੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇਗੀ। ਵਿਧਾਇਕ ਕੁਲਜੀਤ ਰੰਧਾਵਾ ਨੇ ਪਿੰਡ ਰਾਮਪੁਰ ਬਹਾਲ ਜਾ ਕੇ ਮ੍ਰਿਤਕ ਧਰਮਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਫੈਕਟਰੀ ਮਾਲਕ ਵੱਲੋਂ ਛੇ ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ।